ਮੱਤੇਵਾਲ, 27 ਜਨਵਰੀ (ਪੰਜਾਬ ਪੋਸਟ)- ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਲੋਕ ਸਭਾ ਅਤੇ 21 ਵਿਧਾਨ ਸਭਾ ਦੇ ਕਾਂਗਰਸੀ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਰਾਹੁਲ ਗਾਂਧੀ ਦੀ ਮਜੀਠਾ ਰੈਲੀ ਲੋਕਾਂ ਵੱਲੋਂ ਜਰਾ ਵੀ ਹੁੰਗਾਰਾ ਨਾ ਦੇਣ ਕਾਰਨ ਪੂਰੀ ਤਰਾਂ ਸੁਪਰ ਫਲਾਪ ਸਿੱਧ ਹੋਇਆ ਹੈ।ਉਹਨਾਂ ਕਿਹਾ ਕਿ ਰਾਹੁਲ ਦੇ ਬੋਲਣ ਦੇ ਨਾਲ ਹੀ ਪੰਡਾਲ ’ਚੋਂ ਘੇਰ ਘੇਰ ਕੇ ਰੱਖਣ ਦੇ ਬਾਵਜੂਦ ਲੋਕਾਂ ਦਾ ਖਿਸਕ ਜਾਣਾ ਜਿੱਥੇ ਰਾਹੁਲ ਨੂੰ ਇੱਕ ਫਲਾਪ ਤੇ ਨਖਿੱਧ ਲੀਡਰ ਹੋਣਾ ਸਾਬਿਤ ਕਰਦਾਹੈ। ਉਥੇ ਹੀ ਗਾਂਧੀ ਪਰਿਵਾਰ ਪ੍ਰਤੀ ਲੋਕਾਂ ਦਾ ਭਰੋਸਾ ਪੂਰੀ ਤਰਾਂ ਖਤਮ ਹੋ ਜਾਣ ਦਾ ਪ੍ਰਤੱਖ ਸਬੂਤ ਹੈ।

ਮਜੀਠੀਆ ਪਿੰਡ ਸਾਧਪੁਰ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਜਿੱਥੇ ਵੀ ਚੋਣ ਪ੍ਰਚਾਰ ਲਈ ਗਿਆ ਉੱਥੇ ਹੀ ਕਾਂਗਰਸ ਦਾ ਭੱਠਾ ਬੈਠਦਾ ਰਿਹਾ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਲਈ ਉਮੀਦਵਾਰ ਵੱਜੋ ਐਲਾਨ ਕਰਨ ਸਮੇਂ ਹੀ ਕਾਂਗਰਸ ਦਾ ਵਾਜਾ ਵੱਜ ਗਿਆ ਹੈ ਜਿੱਥੇ 22 ਉਮੀਦਵਾਰ ਰਲ ਕੇ ਵੀ ਮਜੀਠਾ ’ਚ ਤਿੰਨ ਹਜ਼ਾਰ ਕੁਰਸੀਆਂ ਨਹੀਂ ਭਰ ਸਕੀਆਂ ਹਨ ।ਉਹਨਾਂ ਕਿਹਾ ਕਿ ਕੈਪਟਨ ਨੂੰ ਐਲਾਨ ਕਰ ਕੇ ਵੀ ਰਾਹੁਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚਾਅ ਸਕਣਗੇ।ਉਹਨਾਂ ਯਾਦ ਨੂੰ ਕਰਾਉਂਦਿਆਂ ਕਿਹਾ ਕਿ ਰਾਹੁਲ ਨੇ 2007 ਅਤੇ ਫਰ 2012 ਦੌਰਾਨ ਵੀ ਕੈਪਟਨ ਦੇ ਨਾਮ ਦਾ ਐਲਾਨ ਕੀਤਾ ਸੀ ਪਰ ਕੈਪਟਨ ਦੀਆਂ ਰਜਵਾੜਾਸ਼ਾਹੀ ਆਦਤਾਂ ਤੋਂ ਜਾਣੂ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਨਿਹੰਗ ਦੇ ਬਾਟੇ ਵਾਂਗ ਮਾਂਜ ਕੇ ਰਖ ਦਿੱਤਾ ਸੀ।ਇਸ ਵਾਰ ਤਾਂ ਕੈਪਟਨ ਆਪ ਹੀ ਅਗਲੀ ਕੋਈ ਚੋਣ ਨਾ ਲੜਨ ਦਾ ਐਲਾਨ ਕਰਕੇ ਆਪਣੇ ਆਪ ਨੂੰ ਸੁਰਖ਼ਰੂ ਕਰ ਲਿਆ ਹੈ ਜਿਸ ਨਾਲ ਉਹ ਕਿਸੇ ਵੀ ਤਰਾਂ ਕਿਸੇ ਵੀ ਵਾਅਦੇ ਨੂੰ
ਪੂਰਾ ਕਰਨ ਦੀ ਕੋਈ ਗਰੰਟੀ ਨਹੀਂ ਰਿਹਾ, ਅਜਿਹੇ ’ਚ ਕਾਂਗਰਸ ਦੀ ਕਿਸੇ ਵੀ ਗੱਲ ’ਤੇ ਭਰੋਸਾ ਲੋਕ ਕਿਵੇਂ ਕਰ ਸਕਦੇ ਹਨ।
ਮਜੀਠੀਆ ਵੱਲੋਂ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਾਧਪੁਰ ਤੋਂ ਮੁਖਤਾਰ ਸਿੰਘ, ਜਸਵਿੰਦਰ ਸਿੰਘ, ਰਾਜਬੀਰ ਕੌਰ, ਰਜਵੀਤ ਕੌਰ, ਸਵਰਨ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਅਤੇ ਧਰਮ ਸਿੰਘ ਆਦਿ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਸਰਵਨ ਸਿੰਘ ਰਾਮਦਿਵਾਲੀ,ਸਰਪੰਚ ਧਰਮ ਸਿੰਘ,ਝਿਰਮਲ ਸਿੰਘ, ਤਲਵਿੰਦਰ ਸਿੰਘ, ਦਲੇਰ ਖਾਲਸਾ, ਕਰਮਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media