
ਫਾਜ਼ਿਲਕਾ, 29 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ-2017 ਨੂੰ ਜ਼ਿਲ੍ਹੇ ਅੰਦਰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੇੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਜ਼ਿਲ੍ਹੇ ਲਈ ਨਿਯੁਕਤ ਕੀਤੇ ਗਏ 2 ਜਨਰਲ ਅਬਜ਼ਰਵਰ ਸ੍ਰੀ ਵੀ.ਅਬਰਾਹਮ ਅਤੇ ਸ੍ਰੀ ਆਰ.ਪੀ. ਸਿੰਘ ਅਤੇ 1 ਪੁਲਸ ਅਬਜ਼ਰਵਰ ਸ੍ਰੀ ਵਿਕਾਸ ਵੈਭਵ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਵੀ ਪਾਰਟੀ ਦੇ ਨੁਮਾਇੰਦਿਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ-79, ਫਾਜ਼ਿਲਕਾ-80, ਅਬੋਹਰ-81 ਅਤੇ ਬਲੂਆਣਾ-82 ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਕੀਤੀ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪੋਲਿੰਗ ਬੂਥ ਨਹੀਂ ਬਣੇਗਾ ਅਤੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਪਾਰਟੀ ਲੋਗੋ/ਚੋਣ ਨਿਸ਼ਾਨ ਦੀ ਵਰਤੋ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਵੀ ਵਿਅਕਤੀ ਆਪਣਾ ਮੋਬਾਈਲ, ਵਾਈਰਲੈਸ ਸੈਟ ਅੰਦਰ ਲੱਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੋਲਿੰਗ ਏਜੰਟ ਸਿਰਫ਼ ਉਹ ਹੀ ਬਣਾਇਆ ਜਾਵੇ ਜਿਸ ਦੀ ਸਬੰਧਤ ਪੋਲਿੰਗ ਬੂਥ ਤੇ ਵੋਟ ਬਣੀ ਹੋਵੇ। ਉਨ੍ਹਾਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਚੋਣ ਪ੍ਰਚਾਰ ਖ਼ਤਮ ਹੋਣ ਉਪਰੰਤ ਕੋਈ ਵੀ ਸਬੰਧਤ ਹਲਕੇ ਤੋਂ ਬਾਹਰਲਾ ਵਰਕਰ/ਪਾਰਟੀ ਸਪ੍ਰੋਟਰ ਹਲਕੇ ਵਿੱਚ ਨਾ ਠਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੋਈ ਵੀ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਤ ਪਾਰਟੀ ਦੇ ਉਮੀਦਵਾਰ ਖਿਲਾਫ਼ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਲੋੜੀਂਦੀ ਕਾਰਵਾਈ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਨੇ ਚੋਣ ਪ੍ਰਕਿਰਿਆ ਦੌਰਾਨ ਪੁਲਸ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਜ਼ਿਲ੍ਹੇ ’ਚ ਇੰਟਰ ਸਟੇਟ ਨਾਕੇ ਲਗਾਏ ਜਾਣਗੇ ਅਤੇ ਪੋਲਿੰਗ ਦੌਰਾਨ ਤੁਰੰਤ ਐਕਸ਼ਨ ਲਈ ਜ਼ਿਲ੍ਹੇ ਅੰਦਰ 20 ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਪੋਲਿੰਗ ਬੂਥਾਂ ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਲਗਾਈਆਂ ਜਾਣਗੀਆਂ।ਜਿੰਨ੍ਹਾਂ ਤੇ ਵੋਟਰ ਇਹ ਦੇਖ ਸਕੇਗਾ ਕਿ ਉਸ ਵੱਲੋਂ ਜਿਸ ਉਮੀਦਵਾਰ ਨੂੰ ਵੋਟ ਪਾਈ ਗਈ ਹੈ ਕੀ ਉਸਦੀ ਵੋਟ ਉਸ ਉਮੀਦਵਾਰ ਨੂੰ ਹੀ ਪਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਵੋਟਰ 7 ਸੈਕਿੰਗ ਤੱਕ ਆਪਣੇ ਵੱਲੋਂ ਪੋਲ ਕੀਤੀ ਗਈ ਉਮੀਦਵਾਰ ਦੀ ਤਸਵੀਰ ਨੂੰ ਵੀ.ਵੀ.ਪੀ.ਏ.ਟੀ ਮਸ਼ੀਨ ਤੇ ਦੇਖ ਸਕੇਗਾ।ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦੀ ਆਖਰੀ ਰੇਡੀਮਾਈਜੇਸ਼ਨ ਤੋਂ ਬਾਅਦ ਮਸ਼ੀਨਾਂ ਦੀ ਗਿਣਤੀ ਵਿਚ 5 ਫ਼ੀਸਦੀ ਵਾਧਾ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਰਿਟਰਨਿੰਗ ਅਫਸਰ ਫਾਜ਼ਿਲਕਾ ਸ੍ਰੀ ਵਿਨੋਦ ਬਾਂਸਲ, ਰਿਟਰਨਿੰਗ ਅਫ਼ਸਰ ਅਬੋਹਰ ਸ੍ਰੀ ਜਸਪ੍ਰੀਤ ਸਿੰਘ ਰਿਟਰਨਿੰਗ ਅਫ਼ਸਰ ਬਲੂਆਣਾ ਸ੍ਰੀ ਸੁਰਿੰਦਰ ਸਿੰਘ ਢਿੱਲੋਂ ਤੋ ਇਲਾਵਾ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਬਲੂਆਣਾ ਤੋਂ ਉਮੀਦਵਾਰ ਸ਼੍ਰੀ ਗਿਰੀਰਾਜ ਰਜ਼ੌਰਾ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਫਾਜ਼ਿਲਕਾ ਤੋਂ ਉਮੀਦਵਾਰ ਸ. ਮੱਖਣ ਸਿੰਘ ਸਵਨਾ ਤੋਂ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjab Post Daily Online Newspaper & Print Media