Friday, March 27, 2026

ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਹੋਵੇਗਾ ਬੰਦ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ 2017 ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਕੱਲ ਸ਼ਾਮ, 2 ਫਰਵਰੀ ਨੂੰ ਪੰਜ ਵਜੇ ਬੰਦ ਹੋ ਜਾਵੇਗਾ, ਇਸ ਪਿਛੋਂ ਕੋਈ ਵੀ ਉਮੀਦਵਾਰ ਜਨਤਕ ਇਕੱਠ ਨੂੰ ਸੰਬੋਧਨ ਨਹੀਂ ਕਰ ਸਕੇਗਾ, ਪਰ ਉਮੀਦਵਾਰ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ।

Basant garg
ਜਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਈ ਵੀ ਐਮ ਮਸ਼ੀਨਾਂ ਅਤੇ ਹੋਰ ਚੋਣ ਸਮਗਰੀ, ਜੋ ਕਿ ਵੋਟਾਂ ਪਾਉਣ ਲਈ ਜ਼ਰੂਰੀ ਹੈ, 3 ਫਰਵਰੀ ਨੂੰ ਦਿੱਤੀ ਜਾਵੇਗੀ, ਜਿੱਥੋਂ ਸਿੱਧੀਆਂ ਚੋਣ ਪਾਰਟੀਆਂ ਆਪਣੇ-ਆਪਣੇ ਡਿਊਟੀ ਸਟੇਸ਼ਨਾਂ ’ਤੇ ਜਾਣਗੀਆਂ।ਡਾ. ਗਰਗ ਨੇ ਦੱਸਿਆ ਕਿ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਪੈਣਗੀਆਂ।ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਹੋ ਰਹੀ ਹੋਣ ਕਾਰਨ ਜੰਡਿਆਲਾ ਅਤੇ ਬਾਬਾ ਬਕਾਲਾ ਹਲਕੇ ਨੂੰ ਛੱਡ ਕੇ ਬਾਕੀ ਹਲਕਿਆਂ ਵਿਚ ਬੂਥਾਂ ’ਤੇ ਹਰੇਕ ਵੋਟਰ ਦੋ ਵੋਟ ਪਾਏਗਾ, ਜਿਸ ਵਿਚ ਇਕ ਵੋਟ ਲੋਕ ਸਭਾ ਲਈ ਤੇ ਦੂਸਰੀ ਵਿਧਾਨ ਸਭਾ ਲਈ ਹੋਵੇਗੀ।
ਉਨਾਂ ਦੱਸਿਆ ਕਿ ਲੋਕ ਸਭਾ ਲਈ 9 ਅਤੇ ਵਿਧਾਨ ਸਭਾ ਲਈ 121 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸ੍ਰੀ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ 1721336 ਵੋਟਰ ਇੰਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਨਾਂ ਦੱਸਿਆ ਕਿ ਕੁੱਲ 1970 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੰਨਾਂ ਵਿਚ ਸਭ ਤੋਂ ਵੱਧ ਬਾਬਾ ਬਕਾਲਾ ਵਿਚ 216 ਅਤੇ ਅੰਮ੍ਰਿਤਸਰ ਕੇਂਦਰੀ ਵਿਚ ਸਭ ਤੋਂ ਘੱਟ 135 ਪੋਲਿੰਗ ਸਟੇਸ਼ਨ ਹਨ।ਜਿਲ੍ਹੇ ਵਿਚ ਸਾਂਤੀ ਪੂਰਨ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਗੱਲ ਕਰਦੇ ਸ੍ਰੀ ਗਰਗ ਨੇ ਦੱਸਿਆ ਕਿ ਜਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ।95 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮਾ ਕਰਵਾਏ ਜਾ ਚੁੱਕੇ ਹਨ।ਇਸ ਤੋਂ ਇਲਾਵਾ 4 ਜਨਵਰੀ ਨੂੰ ਚੋਣ ਐਲਾਨ ਹੁੰਦੇ ਹੀ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਨਾਕੇ 24 ਘੰਟੇ ਰਾਹਗੀਰਾਂ ’ਤੇ ਨਜ਼ਰ ਰੱਖ ਰਹੇ ਹਨ।ਉਨਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਕੇਂਦਰਾਂ ’ਤੇ ਨਿਗਰਾਨੀ ਲਈ ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ ਅਤੇ ਉਨਾਂ ਨੂੰ ਮੈਜਿਸਟਰੇਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਜਾਂ ਸੀ ਸੀ ਟੀ ਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ।ਉਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੀ ਚੋਣ ਗੜਬੜੀ ਨੂੰ ਰੋਕਣ ਲਈ ਹਰੇਕ ਹਲਕੇ ਵਿਚ ਸਟੇਟਿਕ ਸਰਵੇਲੈਂਸ ਟੀਮਾਂ ਅਤੇ ਉਡਨ ਦਸਤੇ ਲਗਾਤਾਰ ਡਿਊਟੀ ਕਰ ਰਹੇ ਹਨ।ਉਨਾਂ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਸ਼ਰਾਬ ਦੇ ਠੇਕੇ ਜਿਲ੍ਹੇ ਭਰ ਵਿਚ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਠੇਕਿਆਂ ਦੀ ਸੀਲ ਬੰਦੀ ਯਕੀਨੀ ਬਣਾਈ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply