Friday, March 27, 2026

ਸ਼ਾਂਤੀਪੂਰਵਕ ਚੋਣਾਂ ਲਈ ਪ੍ਰਸ਼ਾਸਨ ਨੇ ਕੀਤੇ ਪੁਖ਼ਤਾ ਪ੍ਰਬੰਧ- ਜ਼ਿਲ੍ਹਾ ਚੋਣ ਅਫ਼ਸਰ

ਤਰਨ ਤਾਰਨ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹੇ ਵਿਚ ਸ਼ਾਂਤੀਪੂਰਵਕ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਇੰਜੀਨੀਅਰ ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਚੋਣ ਪ੍ਰਚਾਰ ਭਲਕੇ ਸ਼ਾਮ, 2 ਫਰਵਰੀ ਨੂੰ ਪੰਜ ਵਜੇ ਬੰਦ ਹੋ ਜਾਵੇਗਾ, ਇਸ ਪਿਛੋਂ ਕੋਈ ਵੀ ਉਮੀਦਵਾਰ ਜਨਤਕ ਇਕੱਠ ਨੂੰ ਸੰਬੋਧਨ ਨਹੀਂ ਕਰ ਸਕੇਗਾ, ਪਰ ਉਮੀਦਵਾਰ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ।ਉਨ੍ਹਾਂ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਈ. ਵੀ. ਐਮ ਮਸ਼ੀਨਾਂ ਅਤੇ ਹੋਰ ਚੋਣ ਸਮੱਗਰੀ, ਜੋ ਕਿ ਵੋਟਾਂ ਪਾਉਣ ਲਈ ਜ਼ਰੂਰੀ ਹੈ, 3 ਫਰਵਰੀ ਨੂੰ ਦਿੱਤੀ ਜਾਵੇਗੀ, ਜਿੱਥੋਂ ਸਿੱਧੀਆਂ ਚੋਣ ਪਾਰਟੀਆਂ ਆਪਣੇ-ਆਪਣੇ ਡਿਊਟੀ ਸਟੇਸ਼ਨਾਂ ’ਤੇ ਜਾਣਗੀਆਂ।DC Kharbanda

ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7,58,866 ਵੋਟਰ 30 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ’ਚ 8, ਖੇਮਕਰਨ ’ਚ 5, ਪੱਟੀ ’ਚ 9 ਅਤੇ ਖਡੂਰ ਸਾਹਿਬ ’ਚ 8 ਉਮੀਦਵਾਰ ਮੈਦਾਨ ਵਿਚ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 855 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚ ਖੇਮਕਰਨ ’ਚ 223, ਪੱਟੀ ’ਚ 211, ਖਡੂਰ ਸਾਹਿਬ ’ਚ 218 ਅਤੇ ਤਰਨ ਤਾਰਨ ’ਚ 203 ਪੋਲਿੰਗ ਬੂਥ ਹਨ।
ਜ਼ਿਲ੍ਹੇ ਵਿਚ ਸਾਂਤੀਪੂਰਨ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਇੰਜੀਨੀਅਰ ਖਰਬੰਦਾ ਨੇ ਦੱਸਿਆ ਕਿ ਜਿਲ੍ਹੇ ਵਿਚ ਪੰਜਾਬ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ। 95 ਫੀਸਦੀ ਤੋਂ ਵੱਧ ਲਾਇਸੰਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ 4 ਜਨਵਰੀ ਨੂੰ ਚੋਣ ਐਲਾਨ ਹੁੰਦੇ ਹੀ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਨਾਕੇ 24 ਘੰਟੇ ਰਾਹਗੀਰਾਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਕੇਂਦਰਾਂ ’ਤੇ ਨਿਗਰਾਨੀ ਲਈ ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਮੈਜਿਸਟਰੇਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਜਾਂ ਸੀ. ਸੀ. ਟੀ. ਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਚੋਣ ਗੜਬੜੀ ਨੂੰ ਰੋਕਣ ਲਈ ਹਰੇਕ ਹਲਕੇ ਵਿਚ ਸਟੇਟਿਕ ਸਰਵੇਲੈਂਸ ਟੀਮਾਂ ਅਤੇ ਉਡਨ ਦਸਤੇ ਲਗਾਤਾਰ ਡਿਊਟੀ ਕਰ ਰਹੇ ਹਨ।ਉਨਾਂ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਸ਼ਰਾਬ ਦੇ ਠੇਕੇ ਜਿਲ੍ਹੇ ਭਰ ਵਿਚ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਠੇਕਿਆਂ ਦੀ ਸੀਲ ਬੰਦੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ 11 ਮਾਰਚ ਤੱਕ ਲਾਇਸੰਸੀ ਹਥਿਆਰ ਚੁੱਕਣ ’ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਬਾਹਰੀ ਵਿਅਕਤੀਆਂ ਨੂੰ 4 ਫਰਵਰੀ ਨੂੰ ਚੋਣਾਂ ਤੋਂ 48 ਘੰਟੇ ਪਹਿਲਾਂ ਹਲਕਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਹਲਕੇ ਵਿਚ ਸਿਰਫ ਹਲਕਾ ਵਾਸੀ ਹੀ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਕੇਂਦਰ ਦੇ 100 ਮੀਟਰ ਘੇਰੇ ’ਚ ਮੋਬਾਈਲ ਫੋਨ ਅਤੇ 200 ਮੀਟਰ ਘੇਰੇ ਅੰਦਰ ਵਾਹਨਾਂ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ।

ਵੋਟਰਾਂ ਲਈ ਸ਼ਨਾਖ਼ਤੀ ਕਾਰਡ ਜ਼ਰੂਰੀ –
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀ. ਐਲ. ਓਜ਼ ਵੱਲੋਂ ਵੋਟਰ ਪਰਚੀਆਂ ਦੀ ਵੰਡ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ, ਪਰ ਵੋਟਰਾਂ ਨੂੰ ਇਨ੍ਹਾਂ ਪਰਚੀਆਂ ਦੇ ਨਾਲ ਆਪਣਾ ਵੋਟਰ ਸ਼ਨਾਖਤੀ ਕਾਰਡ ਲਿਆਉਣਾ ਵੀ ਜ਼ਰੂਰੀ ਹੈ। ਜੇਕਰ ਕਿਸੇ ਕਾਰਨ ਵੋਟਰ ਆਪਣਾ ਸ਼ਨਾਖਤੀ ਕਾਰਡ ਨਹੀਂ ਲਿਆ ਸਕਦਾ, ਉਹ ਹੋਰ ਦੂਸਰੇ ਸਬੂਤ ਜਿਸ ਵਿਚ ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ , ਰਾਜ ਸਰਕਾਰ, ਪੀ. ਐਸ. ਯੂ, ਪਬਲਿਕ ਲਿਮਟਿਡ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਸਰਵਿਸ ਦਾ ਸ਼ਨਾਖਤੀ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਫੋਟੋ ਸਮੇਤ ਜਾਰੀ ਕੀਤੀ ਪਾਸਬੁਕ, ਆਰ. ਜੀ. ਆਈ. ਵੱਲੋਂ ਐਨ. ਪੀ. ਆਰ. ਅਧੀਨ ਜਾਰੀ ਕੀਤਾ ਗਿਆ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਲੇਬਰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਸਬੰਧੀ ਜਾਰੀ ਕੀਤਾ ਫੋਟੋ ਵਾਲਾ ਸ਼ਨਾਖਤੀ ਪੱਤਰ, ਸੰਸਦ ਮੈਂਬਰ ਜਾਂ ਵਿਧਾਇਕ ਵੱਲੋਂ ਜਾਰੀ ਕੀਤਾ ਦਫਤਰੀ ਸ਼ਨਾਖਤੀ ਕਾਰਡ, ਅਧਾਰ ਕਾਰਡ ਦੀ ਵਰਤੋਂ ਆਪਣੀ ਸ਼ਨਾਖਤ ਦੀ ਪਛਾਣ ਲਈ ਕਰ ਸਕਦਾ ਹੈ।
ਵੋਟਰਾਂ ਨੂੰ ਅਪੀਲ –
ਜ਼ਿਲ੍ਹਾ ਚੋਣ ਅਫ਼ਸਰ ਡੀ. ਪੀ. ਐਸ ਖਰਬੰਦਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਕਰਨ। ਉਨਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ, ਤਾਂ ਜੋ ਚੋਣ ਪ੍ਰਕਿਰਿਆ ਸ਼ਾਂਤੀ ਨਾਲ ਨੇਪਰੇ ਚਾੜ੍ਹੀ ਜਾ ਸਕੇ। ਉਨਾਂ ਸਪੱਸ਼ਟ ਕੀਤਾ ਕਿ ਜੋ ਵੀ ਵਿਅਕਤੀ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply