ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਦੌਰੇ ਦੌਰਾਨ ਵੋਟਰਾਂ ਨੂੰ ਗੁਰੂ ਨਗਰੀ ਦੇ ਵਿਕਾਸ ਤੇ ਲੋਕਪੱਖੀ ਨੀਤੀਆਂ ਲਈ 4 ਫਰਵਰੀ ਨੂੰ ਹੋਣ ਜਾ ਰਹੇ ਮਤਦਾਨ ਲਈ ਸਹਿਯੋਗ ਦੀ ਅਪੀਲ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ ਆਮ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਅਕਾਲੀ ਭਾਜਪਾ ਗਠਜੋੜ ਚੋਣ ‘ਮੈਦਾਨ ਫ਼ਤਿਹ’ ਕਰੇਗਾ।
ਛੀਨਾ ਨੇ ਪਿਛਲੇ ਦਿਨੀਂ ਚੋਣ ਮੁਹਿੰਮ ’ਚ ਭਾਗ ਲੈਣ ਵਾਲੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਨੇਹ ਨੇ ਉਨ੍ਹਾਂ ਦਾ ਮਨ ਮੋਹਿਆ ਹੈ। ਉਨ੍ਹਾਂ ਜਾਰੀ ਅਪੀਲ ’ਚ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਨੂੰ ਐਮ. ਪੀ. ਵਜੋਂ ਹਲਕੇ ਦੇ ਵਿਕਾਸ ਅਤੇ ਜਨਤਾ ਦੀ ਸੇਵਾ ਕਰਨ ’ਚ ਕੋਈ ਦੁਬਿਧਾ ਨਹੀਂ ਆਵੇਗੀ, ਸਗੋਂ ਉਹ ਵੱਧ ਤੋਂ ਵੱਧ ਕੇਂਦਰੀ ਗ੍ਰਾਂਟਾਂ ਲਿਆ ਕੇ ਹਲਕੇ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਨੇ ਸਰਹੱਦੀ ਖੇਤਰ ਅੰਮ੍ਰਿਤਸਰ ’ਚ ਇਕ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਨ, ਨੌਜਵਾਨਾਂ ਲਈ ਨੌਕਰੀਆਂ ਬਹਾਲ ਕਰਨ, ਉਚੇਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਭ੍ਰਿਸ਼ਟਾਚਾਰੀ ਨੂੰ ਨਕੇਲ੍ਹ ਪਾਉਣ, ਸ਼ਹਿਰ ਨੂੰ ਸੈਰ ਸਪਾਟੇ ਅਤੇ ਵਪਾਰਿਕ ਕੇਂਦਰ ਵਜੋਂ ਵਿਕਸਿਤ ਕਰਨ, ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਅਤੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਸਿੱਧੀਆਂ ਹਵਾਈ ਉਡਾਨਾਂ ਦੇ ਅਗਾਜ਼ ਕਰਵਾਉਣ ਸਬੰਧੀ ਤੱਤਪਰ ਰਹਿੰਦਿਆਂ ਪਾਰਲੀਮੈਂਟ ’ਚ ਜਨਤਾ ਦੀ ਅਵਾਜ਼ ਬਣਨਗੇ।
ਉਨ੍ਹਾਂ ਨੇ ਪਿੰਡ ਹੇਰ, ਗੁੰਮਟਾਲਾ, ਚਵਿੰਡਾ ਦੇਵੀ, ਰਾਣੀ ਕਾ ਬਾਗ, ਅੰਮ੍ਰਿਤਸਰ ਕੇਂਦਰੀ ਹਲਕੇ ’ਚ ਵੱਖ ਵੱਖ ਇਲਾਕਿਆਂ ਚੋਣ ਮੀਟਿੰਗ ਦੌਰਾਨ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਆਪ ਸਭ ਦੇ ਸਹਿਯੋਗ ਨਾਲ 11 ਮਾਰਚ ਨੂੰ ਜਿੱਤ ਦੇ ਝੰਡੇ ਗੱਡੇਗਾ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਗਿਣਾਉਂਦਿਆਂ ਕਿਹਾ ਕਿ ਜੋ ਉਹ ਪਿਛਲੇ 60 ਸਾਲਾਂ ਤੋਂ ਸੂਬੇ ਦੇ ਵਿਕਾਸ ਨਹੀਂ ਕਰਵਾ ਸਕੇ, ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਢਾਈ ਸਾਲਾਂ ’ਚ ਵਿਕਾਸ ਕਾਰਜ ਕਰਵਾਕੇ ਪੰਜਾਬ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ।ਜਿਸ ਦਾ ਨਤੀਜਾ ਜਨਤਾ ਨੂੰ ਪ੍ਰਤੱਖ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਢੇ 12 ਸਾਲ ’ਚ ਹਲਕੇ ਦੇ ਐਮ.ਪੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਹੈ, ਕਿਉਂਕਿ ਉਹ ਆਪਣੇ ਨਿੱਜੀ ਰੁਝੇਵਿਆਂ ’ਚ ਮੁੰਬਈ ਅਤੇ ਪਟਿਆਲਾ ਹੀ ਵਿਅਸਥ ਰਹੇ।
ਇਥੇ ਜ਼ਿਕਰਯੋਗ ਹੈ ਕਿ ਇਸ ਵਾਰ ਦੀ ਲੋਕ ਸਭਾ ਚੋਣਾਂ ’ਚ ਅਲੱਗ ਰੁਝਾਨ ਵੇਖਣ ਨੂੰ ਆ ਰਹੇ ਹਨ, ਜਦੋਂ ਕਿ ਲੋਕ ਸਖਸ਼ੀਅਤਾਂ ਨੂੰ ਧਿਆਨ ’ਚ ਰੱਖ ਕੇ ਵੋਟ ਪਾਉਣਗੇ ਅਤੇ ਕਿਸ ਪਾਰਟੀ ਦੀ ਕੇਂਦਰ ’ਚ ਸਰਕਾਰ ਸਥਾਪਿਤ ਹੈ, ਨੂੰ ਅਣਗੌਲਿਆ ਨਹੀਂ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media