ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਦੀ ਅਜ਼ਾਦੀ ਲਈ ਸਿੱਖਾਂ ਨੇ 87% ਤੋਂ ਵੱਧ ਸ਼ਹੀਦੀਆਂ ਦਿੱਤੀਆਂ ਹਨ।ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਦੇਸ਼ ਵਿਚ ਹੀ ਸਿੱਖਾਂ ਨਾਲ ਇਸ ਤਰ੍ਹਾਂ ਦੇ ਵਿਤਕਰੇ ਹੁੰਦੇ ਹਨ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਰਕਾਰੀ ਅਹਿਲਕਾਰਾਂ ਵੱਲੋਂ ਹੀ ਬਾਰ-ਬਾਰ ਭੜਕਾਇਆ ਜਾਂਦਾ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਉਤਰੀ ਭਾਰਤ ਦੀ ਪ੍ਰਮੁੱਖ ਸੰਸਥਾ ਪੀ.ਜੀ.ਆਈ ਵਿਚ ਕਲੱਰਕਾਂ ਦੀ ਭਰਤੀ ਪ੍ਰੀਖਿਆ ਦੇਣ ਗਈ ਇੱਕ ਸਿੱਖ ਲੜਕੀ ਨੂੰ ਨਿਗਰਾਨ ਅਮਲੇ ਵੱਲੋਂ ਕੜਾ ਉਤਾਰਣ ਲਈ ਕਹਿਣਾ ਤੇ ਪ੍ਰੀਖਿਆ `ਚ ਨਾ ਬੈਠਣ ਦੇਣ ਦੀ ਘਿਨਾਉਣੀ ਹਰਕਤ ਕੀਤੀ ਗਈ ਹੈ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਈ ਵਾਰ ਫੋਨ ਆਉਂਦੇ ਹਨ ਕਿ ਕਦੇ ਕਚਹਿਰੀ ਵਿਚ ਜੱਜਾਂ ਵੱਲੋਂ ਕਕਾਰਾਂ ਸਬੰਧੀ ਸਿੱਖਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਕਦੇ ਪ੍ਰੀਖਿਆ ਦੇਣ ਗਏ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਆਖਿਰ ਸਿੱਖਾਂ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾਂਦਾ ਹੈ।ਜਥੇਦਾਰ ਨੇ ਸਖਤ ਲਹਿਜ਼ੇ `ਚ ਕਿਹਾ ਕਿ ਸਰਕਾਰ ਤੇ ਸਬੰਧਤ ਵਿਭਾਗ ਨਿਗਰਾਣ ਅਮਲੇ ਖਿਲਾਫ ਕਾਰਵਾਈ ਯਕੀਨੀ ਬਣਾਵੇ, ਤਾਂ ਜੋ ਅੱਗੇ ਕੋਈ ਵੀ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਕੇ ਕਿਸੇ ਵੀ ਧਰਮ ਦੀ ਨਿਰਾਦਰੀ ਨਾ ਕਰੇ।ਉਨਾਂ ਕਿਹਾ ਕਿ ਕਿਸੇ ਬੱਚੇ ਦੀ ਜਿੰਦਗੀ ਬਰਬਾਦ ਕਰਨੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media