Wednesday, March 18, 2026

ਦਿੱਲੀ ਕਮੇਟੀ ਦੀਆਂ ਚੋਣਾਂ `ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਨਾ ਦੀ ਹਮਾਇਤ ਦਾ ਐਲਾਨ

ਨਵੀ ਦਿੱਲੀ 22 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਥਿਤੀ ਉਸ ਵੇਲੇ ਹੋਰ ਮਜਬੂਤ ਹੋ ਗਈ, ਜਦੋਂ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕਰਦਿਆਂ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਨਾ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ।Paramjit Singh Sarna
ਸਰਨਾ ਨੂੰ ਲਿਖਤੀ ਰੂਪ ਵਿੱਚ ਹਮਾਇਤ ਦੇਣ ਦਾ ਭਰੋਸਾ ਦਿੰਦਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਹਿੰਦੋਸਤਾਨ ਦੇ ਮੁੱਖੀ ਸਿੰਘ ਸਾਹਿਬ ਬਾਬਾ ਪ੍ਰੇਮ ਸਿੰਘ ਜੀ (ਹਜੂਰ ਸਾਹਿਬ ਵਾਲੇ) ਅਕਾਲੀ 96 ਕਰੋੜੀ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਹਮਾਇਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜਾਵਾਂ ਨਾ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕਰਨਾ ਅਤੇ ਚਾਰ ਸਿੱਖ ਨੌਜਵਾਨਾਂ ਦੇ ਕਤਲ ਦੇ ਜਿੰਮੇਵਾਰ ਸਿਰਸਾ ਸਾਧ ਨੂੰ ਬਿਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਅਤੇ ਬਿਨਾਂ ਮੰਗੇ ਮੁਆਫੀ ਦੇਣ ਦੀ ਕੀਤੀ ਬੱਜ਼ਰ ਗਲਤੀ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਗਏ ਹਨ।ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਦਿੱਲੀ ਕਮੇਟੀ ਤੇ ਕਾਬਜ ਮੌਜੂਦਾ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਵੱਲੋ ਗੁਰੂ ਦੀ ਗੋਲਕ ਵਿੱਚੋ ਲੱਖਾਂ ਰੁਪਏ ਖਰਚ ਕਰਕੇ ਜਥੇਦਾਰ ਦਾ ਦਿੱਲੀ ਤੋ ਅੰਮ੍ਰਿਤਸਰ ਹਵਾਈ ਜਹਾਜ ਰਾਹੀ ਜਾ ਕੇ ਧੰਨਵਾਦ ਕੀਤਾ ਕਿ ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀ ਦੇ ਕੇ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ।ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਪਰਮਜੀਤ ਸਿੰਘ ਸਰਨਾ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਤਾਂ ਕਿ ਮਰਿਆਦਾ ਤੇ ਗੁਰੂ ਘਰਾਂ ਦੀ ਪਹਿਰੇਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਸੇ ਤਰ੍ਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖਾਲਸਾ) ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਵੀ ਪਰਮਜੀਤ ਸਿੰਘ ਸਰਨਾ ਦੀ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਹਮਾਇਤ ਕਰਨ ਦਾ ਐਲਾਨ ਕਰਦਿਆ ਕਿਹਾ ਕਿ ਅਕਾਲੀ ਦਲ ਬਾਦਲ ਨੇ ਸਿੱਖ ਪੰਥ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ।ਉਹਨਾਂ ਕਿਹਾ ਕਿ ਕਦੇ ਸੌਦਾ ਸਾਧ ਨੂੰ ਬਿਨਾਂ ਸ਼ਰਤ ਮੁਆਫੀ ਦੇ ਕੇ, ਕਦੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜ਼ਾਏ ਨਿਰਦੋਸ਼ ਸਿੱਖਾਂ ਵਿਰੁੱਧ ਪਰਚਾ ਦਰਜ ਕਰਨ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ, ਕਦੇ ਅਰਦਾਸ ਦੀ ਬੇਅਦਬੀ ਕਰਨ ਵਰਗੇ ਸਿੱਖ ਪੰਥ ਦੇ ਹਿਰਦਿਆ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਵੀ ਗੁਰੂ ਦੀ ਗੋਲਕ ਨੂੰ ਲੁੱਟਣ ਤੇ ਸਿੱਖ ਸੰਸਥਾਵਾਂ ਨੂੰ ਬੰਦ ਕਰਨ ਦੇ ਵੱਡੇ ਪੰਥ ਵਿਰੋਧੀ ਕਾਰਜ ਕਰਕੇ ਅਕਾਲੀ ਦਲ ਬਾਦਲ ਨੇ ਬਹੁਤ ਘਿਨਾਉਣੇ ਕਾਰਜ ਕੀਤੇ ਹਨ।ਉਹਨਾਂ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਕਾਲੀ ਦਲ ਬਾਦਲ ਦਾ ਬਾਈਕਾਟ ਕਰਨ ਤੇ ਪਰਮਜੀਤ ਸਿੰਘ ਸਰਨਾ ਦੀ ਜਿੱਤ ਨੂੰ ਯਕੀਨੀ ਬਣਾਉਣ।ਸਰਨਾ ਨੂੰ ਹਮਾਇਤ ਦੇਣ ਲਈ ਉਹਨਾਂ ਦੇ ਨਾਲ ਭਾਈ ਅਮਰਜੀਤ ਸਿੰਘ ਧੂਲਕਾ ਸੀਨੀਅਰ ਮੀਤ ਪ੍ਰਧਾਨ, ਬਾਬਾ ਦਲਵਿੰਦਰ ਸਿੰਘ ਮੁੱਖ ਬੁਲਾਰੇ, ਭਾਈ ਸੁਖਵਿੰਦਰ ਸਿੰਘ ਗੋਲਡੀ, ਬਾਬਾ ਬਲਦੇਵ ਸਿੰਘ ਦਿੱਲੀ, ਭਾਈ ਤੋਤਾ ਸਿੰਘ ਮਾਸਟਰ, ਭਾਈ ਨਿਰਮਲ ਸਿੰਘ ਘੱਗਾ ਵੀ ਹਾਜਰ ਸਨ।
ਸੀ੍ ਨਿਰਮਲ ਮਾਲਵਾਂ ਮੰਡਲ ਰਜਿ. ਪੰੰਜਾਬ ਦੇ ਮੀਤ ਪ੍ਰਧਾਨ ਸੰਤ ਬਾਬਾ ਸੰਤਾ ਸਿੰਘ ਪਟਿਆਲੇ ਵਾਲੇ ਨੇ ਵੀ ਪਰਮਜੀਤ ਸਿੰਘ ਸਰਨਾ ਦੇ ਨਿਵਾਸ ਸਥਾਨ ਦੀ ਹਮਾਇਤ ਦਾ ਐਲਾਨ ਕਰਦਿਆ ਕਿਹਾ ਕਿ ਸਮੁੱਚਾ ਨਿਰਮਲਾ ਸਮਾਜ ਪਰਮਜੀਤ ਸਿੰਘ ਸਰਨਾ ਦਾ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਹਮਾਇਤ ਕਰਦਾ ਹੈ ਅਤੇ ਸਰਨਾ ਦੀ ਕਾਮਯਾਬੀ ਨੂੰ ਕਰਨ ਲਈ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਉਹ ਪੰਥ  ਦੋਖੀਆਂ ਨੂੰ ਭਾਂਜ ਦੇ ਕੇ ਦਿੱਲੀ ਕਮੇਟੀ ਵਿੱਚ ਸਾਫ ਸੁਥਰਾ ਪ੍ਰਸ਼ਾਸ਼ਨ ਸਥਾਪਤ ਕਰਨ ਲਈ ਸਰਨਾ ਦੀ ਜਿੱਤ ਨੂੰ ਯਕੀਨੀ ਬਣਾਉਣ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply