Saturday, April 11, 2026

ਸਦੀਆਂ ਤੋਂ ਰੇਲ ਸਮੱਸਿਆਵਾਂ ਨਾਲ ਜੂਝ ਰਿਹੈ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ

PPN180609

ਫਾਜਿਲਕਾ,  18  ਜੂਨ  (ਵਿਨੀਤ ਅਰੋੜਾ) –  ਦੇਸ਼ ਦੀ ਵੰਡ ਤੋਂ ਬਾਅਦ ਅੱਜ ਤੱਕ ਫ਼ਾਜ਼ਿਲਕਾ ਇਲਾਕੇ ਦੇ ਲੋਕ ਰੇਲ ਸਮੱਸਿਆਵਾਂ ਸਬੰਧੀ ਬੁਰੀ ਤਰ੍ਹਾਂ ਜੂਝ ਰਹੇ ਹਨ ਜਦੋਂ ਦੇਸ਼ 21 ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਮੈਟਰੋ ਜਿਹੀਆਂ ਆਧੁਨਿਕ ਰੇਲਾਂ ਦੀਆਂ ਸਹੂਲਤਾਂ ਵੀ ਦੇਸ਼ ਨੂੰ ਮਿਲ ਚੁੱਕੀਆਂ ਹਨ, ਪਰ ਫ਼ਾਜ਼ਿਲਕਾ ਇਲਾਕੇ ਦੇ ਲੋਕ ਅੱਜ ਵੀ ਸਾਧਾਰਨ ਗੱਡੀਆਂ ਚਲਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ‘ਤੇ ਹਨ। ਹੋਰ ਤਾਂ ਹੋਰ ਢਾਈ ਅਰਬ ਰੁਪਏ ਖ਼ਰਚ ਕੇ ਤਿਆਰ ਹੋਇਆ, ਫ਼ਾਜ਼ਿਲਕਾ ਅਬੋਹਰ ਰੇਲਵੇ ਟਰੈਕ ਵੀ 2 ਗੱਡੀਆਂ ਤੋਂ ਇਲਾਵਾ ਹੋਰਨਾਂ ਰੂਟਾਂ ਦੀਆਂ ਗੱਡੀਆਂ ਤੋਂ ਸੱਖਣਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਫ਼ਾਜ਼ਿਲਕਾ ਦਾ ਰੇਲ ਸੰਪਰਕ ਗੁਆਂਢੀ ਦੇਸ਼ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੱਕ ਸੀ, ਜਿਸ ਦੀ ਮਿਸਾਲ ਅੱਜ ਵੀ ਦੇਖੀ ਜਾਂਦੀ ਹੈ, ਜੋ ਪਾਕਿਸਤਾਨ ਵਾਲੇ ਪਾਸੇ ਆਖ਼ਰੀ ਸਟੇਸ਼ਨ ਫ਼ਾਜ਼ਿਲਕਾ ਤੋਂ ਸਿਰਫ ਚੰਦ ਕਿੱਲੋਮੀਟਰ ਦੀ ਦੂਰੀ ‘ਤੇ ਪਿੰਡ ਅਮਰੂਕਾ ਸਥਿਤ ਹੈ ਪਰ ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਅੱਜ ਤੱਕ ਸਿੱਧਾ ਰੇਲ ਸੰਪਰਕ ਨਹੀਂ ਮਿਲ ਸਕਿਆ। ਲੋਕਾਂ ਦੇ ਸੰਘਰਸ਼ ਤੋਂ ਬਾਅਦ ਫ਼ਾਜ਼ਿਲਕਾ ਅਬੋਹਰ ਰੇਲਵੇ ਟਰੈਕ ਤਾਂ ਬਣ ਕੇ ਤਿਆਰ ਹੋ ਗਿਆ, ਜਿਸ ‘ਤੇ ਕਰੀਬ ਸਰਕਾਰ ਨੇ ਢਾਈ ਅਰਬ ਰੁਪਏ ਖ਼ਰਚ ਕੀਤੇ ਹਨ। ਪਰ ਇਸ ਟਰੈਕ ‘ਤੇ ਨਾਂ-ਮਾਤਰ ਹੀ ਗੱਡੀਆਂ ਗੰਗਾਨਗਰ ਤੋਂ ਫ਼ਿਰੋਜ਼ਪੁਰ ਵਾਯਾ ਫ਼ਾਜ਼ਿਲਕਾ ਅਤੇ ਬਠਿੰਡਾ ਤੋਂ ਵਾਯਾ ਅਬੋਹਰ ਫ਼ਾਜ਼ਿਲਕਾ ਚੱਲ ਰਹੀਆਂ ਹਨ। ਫ਼ਾਜ਼ਿਲਕਾ ਇਲਾਕੇ ਦੀਆਂ ਰੇਲ ਸੱਮਸਿਆਵਾਂ ਲਈ ਬਣੀ ਨਾਰਦਨ ਰੇਲਵੇ ਪੈਸੰਜਰ ਸੰਮਤੀ ਜੋ ਸਮੇਂ-ਸਮੇਂ ਸਿਰ ਫ਼ਾਜ਼ਿਲਕਾ ਇਲਾਕੇ ਦੀਆਂ ਰੇਲ ਸਮੱਸਿਆਵਾਂ ਦੂਰ ਕਰਵਾਉਣ ਲਈ ਸੰਘਰਸ਼ ਕਰਦੀ ਆ ਰਹੀ ਹੈ, ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ ਅੱਜ ਲੋੜ ਹੈ, ਫ਼ਾਜ਼ਿਲਕਾ ਤੋਂ ਦਿੱਲੀ, ਹਰਿਦੁਆਰ, ਚੰਡੀਗੜ੍ਹ, ਜੰਮੂ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਬਿਆਸ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਲਈ ਸਿੱਧੀਆਂ ਗੱਡੀਆਂ ਚਲਾਈਆਂ ਜਾਣ। ਇਸੇ ਤਰ੍ਹਾਂ ਹੀ ਨਵੇਂ ਬਣੇ ਫ਼ਾਜ਼ਿਲਕਾ ਅਬੋਹਰ ਟਰੈਕ ‘ਤੇ ਫ਼ਿਰੋਜ਼ਪੁਰ ਤੋਂ ਅਬੋਹਰ, ਵਾਯਾ ਫ਼ਾਜ਼ਿਲਕਾ, ਕੋਟਕਪੂਰਾ ਤੋਂ ਅਬੋਹਰ ਵਾਯਾ ਫ਼ਾਜ਼ਿਲਕਾ ਰੇਲ ਗੱਡੀਆਂ ਚਲਾਈਆਂ ਜਾਣ ਤਾਂ ਜੋਂ ਨਵੇਂ ਬਣੇ ਟਰੈਕ ਦਾ ਲੋਕਾਂ ਨੂੰ ਲਾਭ ਮਿਲ ਸਕੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply