ਮਜੀਠੀਆ ਦੇ ਯਤਨਾਂ ਸਦਕਾ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਕੌਮੀ ਪੱਧਰ ‘ਤੇ ਉਭਰਿਆ – ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਇਰਾਕ ਵਿੱਚ ਫਸੇ 41 ਪੰਜਾਬੀ ਨੌਜਵਾਨਾਂ ਦੇ ਸੁਰੱਖਿਅਤ ਹੋਣ ਅਤੇ ਉਨ੍ਹਾਂ ਦੀ ਛੇਤੀ ਘਰ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਰੂਬਰੂ ਹੋ ਕੇ ਜਾਣੂ ਕਰਵਾਉਣ ਨਾਲ ਪੰਜਾਬ ਤੋਂ ਗਏ ਪੀੜਿਤ ਪਰਿਵਾਰਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਪੀੜਿਤ ਪਰਿਵਾਰਾਂ ਨੂੰ ਨਾਲ ਲੈ ਕੇ ਕੇਂਦਰੀ ਵਿਦੇਸ਼ ਮੰਤਰੀ ਨਾਲ ਕੱਲ੍ਹ ਮੁਲਾਕਾਤ ਕਰਨ ਉਪਰੰਤ ਅੱਜ ਅੰਮ੍ਰਿਤਸਰ ਪਰਤੇ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕਰਤਾਰ ਸਿੰਘ , ਮਜੀਠਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਕੱਲ੍ਹ ਮੁਲਾਕਾਤ ਦੌਰਾਨ ਪੀੜਿਤ ਪਰਿਵਾਰਾਂ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਆਪਣੇ ਦੁਖੜੇ ਕੇਂਦਰੀ ਮੰਤਰੀ ਨੂੰ ਸੁਣਾਏ ਅਤੇ ਉਨ੍ਹਾਂ ਦੇ ਬੱਚਿਆਂ ਦੇ ਸਹੀ ਸਲਾਮਤ ਅਤੇ ਛੇਤੀ ਘਰ ਵਾਪਸੀ ਸਬੰਧੀ ਅਪੀਲ ਕਰਨ ‘ਤੇ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਦੇ ਦੁੱਖ ਤਕਲੀਫ਼ ਅਤੇ ਪੀੜਾ ਨੂੰ ਆਪਣੀ ਪੀੜਾ ਦੱਸਦਿਆਂ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਾਉਂਦਿਆਂ ਤਸੱਲੀ ਅਤੇ ਭਰੋਸਾ ਦਿੱਤਾ, ਜਿਸ ਉਪਰੰਤ ਪੀੜਿਤ ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਘਰ ਵਾਪਸੀ ਦੀ ਆਸ ਅਤੇ ਉਮੀਦ ਬੱਝ ਗਈ ਹੈ। ਕੌਮੀ ਅਤੇ ਕੌਮਾਂਤਰੀ ਮੁੱਦਾ ਬਣ ਚੁੱਕੇ ਉਕਤ ਮੁੱਦੇ ਬਾਰੇ ਗੱਲ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਇਰਾਕ ਦੀ ਖਾਨਾ ਜੰਗੀ ਦੌਰਾਨ ਉੱਥੇ ਫਸੇ ਅਤੇ ਬੰਧਕ ਬਣਾਏ ਨੌਜਵਾਨਾਂ ਦੇ ਮੁੱਦੇ ਨੇ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਕਾਰਨ ਇਹ ਮੁੱਦਾ ਅੱਜ ਕੌਮੀ ਪੱਧਰ ‘ਤੇ ਚਿੰਤਾ ਅਤੇ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਜੀਠਾ ਹਲਕੇ ਦੇ ਪਿੰਡ ਭੋਏ ਵਾਲ ਨਿਵਾਸੀ ਮਨਜਿੰਦਰ ਸਿੰਘ ਦੀ ਭੈਣ ਬੀਬੀ ਗੁਰਪਿੰਦਰ ਕੌਰ ਅਤੇ ਕੁੱਝ ਪੀੜਿਤ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਘਰ ਵਾਪਸੀ ਅਤੇ ਸੁਰੱਖਿਆ ਪ੍ਰਤੀ ਚਿੰਤਾ ਨੇ ਉਕਤ ਮੁੱਦੇ ਨੂੰ ਸ: ਬਿਕਰਮ ਸਿੰਘ ਮਜੀਠੀਆ ਦੇ ਧਿਆਨ ਵਿੱਚ ਲਿਆ ਕੇ ਮਦਦ ਦੀ ਗੁਹਾਰ ਲਾਏ ਜਾਣ ਨਾਲ ਉਨ੍ਹਾਂ ਵੱਲੋਂ ਇਸ ਪ੍ਰਤੀ ਸ: ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕੋਲ ਚਿੰਤਾ ਜ਼ਾਹਿਰ ਕੀਤਾ ਤਾਂ ਸ: ਬਾਦਲ ਵਲ਼ੋਂ ਉਸੇ ਵਕਤ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਇਹ ਮੁੱਦਾ ਉਠਾਇਆ ਗਿਆ ਅਤੇ ਸ: ਬਾਦਲ ਵੱਲੋਂ ਅਗਲੇ ਹੀ ਦਿਨ ਸ: ਸੁਖਬੀਰ ਸਿੰਘ ਬਾਦਲ ਨੂੰ ਨਾਲ ਲੈ ਕੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ । ਉਨ੍ਹਾਂ ਕਿਹਾ ਕਿ ਇਹ ਇਰਾਕ ਵਿੱਚ ਫਸੇ ਨੌਜਵਾਨਾਂ ਪ੍ਰਤੀ ਚਿੰਤਾ ਅਤੇ ਜ਼ਿੰਮੇਵਾਰੀ ਦਾ ਹੀ ਇਹ ਸਬੂਤ ਹੈ ਕਿ ਅਗਲੇ ਦਿਨ ਜਦ ਪੀੜਿਤ ਪਰਿਵਾਰਾਂ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਉਸ ਵਕਤ ਸ: ਬਾਦਲ ਨੇ ਪੰਜਾਬ ਦੇ ਸੰਸਦ ਮੈਂਬਰਾਂ ਅਤੇ ਵਿਦੇਸ਼ ਮੰਤਰੀ ਦੀ ਮੌਜੂਦਗੀ ਵਿੱਚ ਇਰਾਕ ਵਿੱਚ ਫਸੇ ਹੋਏ ਨੌਜਵਾਨਾਂ ਦੀ ਹਰ ਤਰ੍ਹਾਂ ਮਦਦ ਅਤੇ ਇਸ ਪ੍ਰਤੀ ਕਿਸੇ ਤਰ੍ਹਾਂ ਦੀ ਕਮੀ ਨਾਲ ਰਹਿਣ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਕੇਂਦਰ ਵਿਦੇਸ਼ ਮੰਤਰਾਲੇ ਨੂੰ ਉਕਤ ਨੌਜਵਾਨਾਂ ਦੇ ਸੁਰੱਖਿਅਤ ਹੋਣ ਦਾ ਪਤਾ ਲੱਗਾ ਹੈ ਪਰ ਕੁੱਝ ਸੁਰੱਖਿਆ ਕਾਰਨਾਂ ਕਾਰਨ ਉਹ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਤੇ ਸ: ਬਾਦਲ ਦਾ ਰੋਲ ਜਿੱਥੇ ਸ਼ਲਾਘਾਯੋਗ ਹੈ ਉੱਥੇ ਮੀਡੀਆ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਵੀ ਉਹ ਸ਼ਲਾਘਾ ਕਰਦੇ ਹਨ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਅਤੇ ਭਗਵੰਤ ਸਿੰਘ ਸਿਆਲਕਾ, ਬੀਬੀ ਧਰਮ ਕੌਰ ਮਹਿਮੂਦਪੁਰ, ਰਾਕੇਸ਼ ਪਰਾਸ਼ਰ ਤੋਂ ਇਲਾਵਾ ਪੀੜਤ ਪਰਿਵਾਰਾਂ ਚੋਂ ਗੁਰਪਿੰਦਰ ਕੌਰ ਭੋਏ ਵਾਲ, ਹਰਭਜਨ ਸਿੰਘ ਰੂਪੋਵਾਲੀ, ਮਹਿੰਦਰ ਕੌਰ ਰੂਪੋਵਾਲੀ, ਸੀਮਾ ਚਵਿੰਡਾ ਦੇਵੀ, ਤਰਸੇਮ ਸਿੰਘ ਬਾਬੋਵਾਲ, ਰਣਜੀਤ ਕੌਰ ਸਿਆਲਕਾ, ਕਸ਼ਮੀਰ ਸਿੰਘ ਸੰਗਤਪੁਰਾ, ਬਲਕਾਰ ਸਿੰਘ ਸਿਆਲਕਾ, ਹਰਭਜਨ ਕੌਰ ਬਾਬੋਵਾਲ, ਚਰਨਜੀਤ ਸਿੰਘ ਫ਼ਤਿਹਗੜ੍ਹ, ਸਵਿੰਦਰ ਕੌਰ ਸੰਗੋਵਾਲ ਆਦਿ ਮੌਜੂਦ ਸਨ।