ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।ਜਿਸ ਨਾਲ ਭਵਿਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ
ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਅੱਜ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਵਿਸ਼ਵ ਪਾਣੀ ਦਿਵਸ ਮੌਕੇ ਗੱਲਬਾਤ ਕਰਦਿਆਂ ਕਹੇ।ਉਨਾਂ ਕਿਹਾ ਕਿ ਵਿਸ਼ਵ ਪੱਧਰ `ਤੇ ਵਿਸ਼ਵ ਪਾਣੀ ਦਿਵਸ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਅੰਦਰ ਪਾਣੀ ਦੀ ਮਹੱਤਤਾ ਅਤੇ ਜ਼ਮੀਨ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਪ੍ਰਤੀ ਜਾਗਰੁਕਤਾ ਪੈਦਾ ਕਰਨਾ ਹੈ।ਉਨਾ ਕਿਹਾ ਕਿ ਯੂ.ਐਨ.ਓ ਦੀ ਰਿਪੋਰਟ ਮੁਤਾਬਕ ਵਿਸ਼ਵ ਭਰ ਵਿੱਚ 1.5 ਬਿਲੀਅਨ ਵਿਅਕਤੀ ਪਾਣੀ ਨਾਲ ਸੰਬੰਧਤ ਕਿੱਤਿਆਂ (ਖੇਤੀਬਾੜੀ, ਮੱਛੀ ਪਾਲਣਾ, ਵਣ ਖੇਤੀ ਅਤੇ ਹੋਰ ਸਹਾਇਕ ਕਿੱਤੇ) ਵਿਚ ਲੱਗੇ ਹੋਏ ਹਨ ਉਨਾਂ ਕਿਹਾ ਕਿ ਜੇਕਰ ਵਕਤ ਰਹਿੰਦੇ ਪਾਣੀ ਦੀ ਸੁਚੱਜੀ ਵਰਤੋਂ ਨਾਂ ਕੀਤੀ ਤਾਂ ਭਵਿਖ ਵਿਚ ਪਾਣੀ ਦੀ ਘਾਟ ਨਾਲ ਬੇਰੁਜ਼ਗਾਰੀ ਵਧਣ ਦੀਆਂ ਪ੍ਰਬਲ ਸੰਭਾਵਨਾਵਾਂ ਪੈਦਾ ਹੋਣਗੀਆਂ।ਉਨਾਂ ਕਿਹਾ ਕਿ ਭਾਰਤ ਦੀ ਵਸੋਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ 2050 ਤੱਕ ਮੌਜੂਦਾ 233 ਮਿਲੀਅਨ ਟਨ ਦੇ ਮੁਕਾਬਲੇ 450 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਪਰ ਇਸ ਦੇ ਮੁਕਾਬਲੇ 2050 ਤੱਕ ਖੇਤੀਬਾੜੀ ਲਈ ਪਾਣੀ ਦੀ ਮੰਗ ਮੌਜੂਦਾ 688 ਕਿਲੋਮੀਟਰ ਕਿਊਬਿਕ ਕਿਲੋਮੀਟਰ ਤੋਂ ਵਧ ਕੇ 1072 ਕਿਊਬਿਕ ਕਿਲੋਮੀਟਰ ਹੋਣ ਦੀ ਸੰਭਾਵਨਾ ਹੈ ਉਨਾਂ ਕਿਹਾ ਕਿ ਪਾਣੀ ਦੇ ਸੋਮਿਆਂ ਦੇ ਘਟਣ ਕਾਰਨ ਇਸ ਵਧਣ ਵਾਲੀ ਮੰਗ ਨੂੰ ਪੂਰਿਆਂ ਕਰਨਾ ਸੰਭਵ ਨਹੀ ਲੱਗਦਾ।ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨ ਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਾਰਨ ਕਾਲੇ ਖੇਤਰ ਐਲਾਨਿਆ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਲ ਸਰੋਤ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਪਾਣੀ ਦੀ ਝੋਨੇ ਦੀ ਕਾਸਤ,ਉਦਯੋਗਿਕ ਇਕਾਈਆਂ ਅਤੇ ਘਰੇਲੂ ਵਰਤੋਂ ਲਈ ਵਧੀ ਵਰਤੋਂ ਕਾਰਨ ਸੂਬੇ ਦੇ 9 ਜ਼ਿਲਿਆਂ ਵਿੱਚ ਪਿਛਲੇ ਇੱਕ ਸਾਲ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਔਸਤਣ 0.77 ਸੈ.ਮੀਟਰ ਤੋ 1.59 ਮੀਟਰ ਤੋਂ ਵੀ ਜ਼ਿਆਦਾ ਹੇਠਾਂ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ ਜਦ ਕਿ ਫਾਜ਼ਲਿਕਾ, ਮੁਕਤਸਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿੱਚ ਸੇਮ ਅਤੇ ਵੱਧ ਬਾਰਸ਼ ਕਾਰਨ ਪਾਣੀ ਦਾ ਪੱਧਰ ਉੱਚਾ ਹੋਇਆ ਹੈ।ਉਨਾਂ ਕਿਹਾ ਕਿ ਅਗੇਤੇ ਝੋਨੇ ਦੀ ਲਵਾਈ ਤੇ ਪਾਬੰਦੀ ਕਾਰਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ, ਪਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਲਈ ਪਾਣੀ ਦੀ ਸੁਚੱਜੀ ਵਰਤੋਂ ਪ੍ਰਤੀ ਹੋਰ ਜਾਗਰੁਕ ਹੋਣਾ ਪਵੇਗਾ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਪਾਣੀ ਅਤੇ ਬਿਜਲੀ ਦੀ ਸਹੂਲਤ ਦਾ ਦੁਰਉਪਯੋਗ ਨਾਂ ਕਰਨ ਸਗੋਂ ਫਸਲਾਂ ਖਾਸ ਕਰਕੇ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਦੀ ਬਿਜਾਏ ਜ਼ਰੂਰਤ ਅਨੁਸਾਰ ਹੀ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ ਤਾਂ ਜੋ ਕੁਦਰਤ ਵੱਲੋਂ ਬਖਸ਼ੇ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਕੀਤੀ ਜਾ ਸਕੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media