Friday, June 12, 2026

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਸਾਹਮਣੇੇੇ ਦਿੱਲੀ ਫਤਿਹ ਦਿਵਸ ਸਮਾਗਮ ਸ਼ੁਰੂ

PPN2603201706ਨਵੀਂ ਦਿੱਲੀ, 26 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਵੱਲੋਂ ਦਿੱਲੀ ਫਤਿਹ ਦਿਵਸ ਦੇ ਸਮਾਗਮਾਂ ਦੀ ਸ਼ੁਰੂਆਤ ਕੱਲ ਸ਼ਾਮ ਇਥੇ ਲਾਲ ਕਿਲੇ ਤੋਂ ਕੀਤੀ ਗਈ ਜਿਥੇ ਸਮਾਗਮਾਂ ਵਿਚ ਵੱਡੀ ਗਿਦਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਵਿਰਸਾ ਸੰਭਾਲ ਇਸਤਰੀ ਸਤਿਸੰਗ ਸਭਾ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਈ ਜਿਸ ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋਇਆ ਤੇ ਫਿਰ ਵੱਖ ਵੱਖ ਜੱਥਿਆਂ ਨੇ ਕੀਰਤਨ ਤੇ ਪਾਠ ਕੀਤਾ। ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਵੱਖ ਵੱਖ ਸੰਤਾਂ ਮਹਾਂਪੁਰਖਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਕੇ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮਹਾਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ ਜੀ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬੁਢਾ ਦਲ, ਜਥੇਦਾਰ ਜੱਸਾ ਸਿੰਘ ਰਾਮਗੜੀਆ, ਜਥੇਦਾਰਾ ਤਾਰਾ ਸਿੰਘ ਘੇਬਾ ਅਤੇ ਜਥੇਦਾਰ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਅਗਵਾਈ ਹੇਠ ਸਿੱਖ ਫੌਜਾਂ ਵੱਲੋਂ ਮੁਗਲ ਸਲਤਨਤ ਉਪਰ ਜਿੱਤ ਦੀ ਇਹ 234ਵੀਂ ਵਰੇਗੰਢ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਮਨਾਈ ਜਾ ਰਹੀ ਹੈ। ਇਸ ਪ੍ਰਭਾਵਲੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਵੱਡੀ ਜਿੱਤ 230 ਸਾਲ ਤੱਕ ਇਤਿਹਾਸ ਵਿਚ ਸਮੋਈ ਹੀ ਰਹੀ ਤੇ ਕਦੇ ਵੀ ਇਸਨੂੰ ਮਨਾਇਆ ਨਹੀਂ ਗਿਆ। ਉਹਨਾਂ ਕਿਹਾ ਕਿ ਚਾਰ ਵਰੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਕਦਮੀ ਕੀਤੀ ਤੇ ਹੁਣ ਇਹ ਦਿੱਲੀ ਫਤਿਹ ਦਿਵਸ ਪਿਛਲੇ ਚਾਰ ਵਰਿਆਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਇਸ ਪਿੱਛੇ ਇਤਿਹਾਸਕ ਤੱਥਾਂ ਦਾ ਵੇਰਵਾ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ 1947 ਵਿਚ ਨਹੀਂ  ਲੜੀ ਗਈ ਬਲਕਿ ਇਹ 1783 ਵਿਚ ਲੜੀ ਗਈ ਸੀ ਜਦੋਂ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਲੜੀ ਲੜਾਈ ਵਿਚ ਮੁਗਲ ਤਖਤ ਪੁੱਟ ਸੁੱਟਿਆ ਗਿਆ ਸੀ। ਉਹਨਾਂ ਕਿਹਾ ਕਿ ਉਸ ਵੇਲੇ ਖਾਲਸੇ ਦਾ ਕੇਸਰੀ ਪਰਚਮ ਲਾਲ ਕਿਲੇ ਉਪਰ ਲਹਿਰਾਇਆ ਸੀ। ਉਹਨਾ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜੇਬ ਦਾ ਤਖਤ ਸਿੱਖ ਫੌਜਾਂ ਘੜੀਸਦੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਗਈਆਂ ਸਨ ਤੇ ਉਥੇ ਜਾ ਕੇ ਭੇਟਾ ਕੀਤਾ ਸੀ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ `ਚ ਖੜਾ ਬੁੱਗਾ ਰਾਮਗੜੀਆ ਅੱਜ ਵੀ ਇਸ ਘਟਨਾ ਦਾ ਗਵਾਹ ਹੈ। ਸ੍ਰੀ ਸਿਰਸਾ ਨੇ ਹੋਰ ਦੱਸਿਆ ਕਿ ਇਹ ਫਤਿਹ ਹਾਸਲ ਕਰਨ ਮਗਰੋਂ ਇਹਨਾਂ ਮਹਾਨ ਜਰਨੈਲਾਂ ਨੇ ਦਿੱਲੀ ਅੰਦਰ ਉਸ ਥਾਂ ਦੀ ਸ਼ਨਾਖ਼ਤ ਕੀਤੀ ਜਿਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਇਥੇ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਹੋਰ ਇਤਿਹਾਸਕ ਮਹੱਤਤਾ ਵਾਲੇ ਗੁਰਧਾਮਾਂ ਦੀ ਉਸਾਰੀ ਇਹਨਾਂ ਮਹਾਨ ਜਰਨੈਲਾਂ ਨੇ ਹੀ ਕਰਵਾਈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਰਹਿ ਰਹੀ ਸਿੱਖ ਸੰਗਤ ਹਮੇਸ਼ਾ ਇਹਨਾਂ ਜਰਨੈਲਾਂ ਦੀ ਰਿਣੀ ਰਹੇਗੀ ਜਿਹਨਾਂ ਨੇ ਕੌਮ ਅਤੇ ਦੇਸ਼ ਵਾਸਤੇ ਇੰਨੀ ਮਹਾਨ ਸੇਵਾ ਕੀਤੀ। ਸ੍ਰੀ ਸਿਰਸਾ ਨੇ ਕਿਹਾ ਅੱਜ ਇਹ ਦਿੱਲੀ ਫਤਿਹ ਦਿਵਸ ਮਨਾਉਣ ਦਾ ਮਕਸਦ ਸਾਡੀ ਨੌਜਵਾਨ ਪੀੜੀ ਨੂੰ ਸਿੱਖ ਧਰਮ, ਸਭਿਆਚਾਰ ਤੇ ਇਤਿਹਾਸ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਨੂੰ ਦਿੱਲੀ ਫਤਿਹ `ਤੇ ਮਾਣ ਹੈ ਕਿਉਂਕਿ ਇਸਦੀ ਇਤਿਹਾਸਕ ਮਹੱਤਤਾ ਹੈ ਅਤੇ ਇਸ ਜਿੱਤ ਨੇ ਸਾਬਤ ਕੀਤਾ ਸੀ ਕਿ ਨਵੇਂ ਜਨਮੇ ਸਿੱਖ ਧਰਮ ਕੋਲ ਐਸੇ ਜਰਨੈਲ ਹਨ ਜੋ  ਉਸ ਔਖੇ ਸਮੇਂ ਵਿਚ ਵੀ ਰਾਸ਼ਟਰੀ ਰਾਜਧਾਨੀ ਫਤਿਹ ਕਰਨ ਲਈ ਅੱਗੇ ਹੋ ਕੇ ਲੜੇ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply