ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਬੀਤੇ ਦਿਨੀ ਬਾਬਾ ਫ਼ਰੀਦ ਕਾਲਜ ਵੱਲੋਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ।
ਇਸ ਟੂਰਨਾਮੈਂਟ ਦਾ ਮੰਤਵ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਕਰਨਾ ਸੀ। ਵਿਦਿਆਰਥੀਆਂ ਨੇ ਮੰਨੋਰੰਜਨ ਦੇ ਨਾਲ ਨਾਲ ਇਸ ਟੂਰਨਾਮੈਂਟ ਦੌਰਾਨ ਆਪਸੀ ਬੋਲਚਾਲ ਅਤੇ ਟੀਮ ਭਾਵਨਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ।ਡਿਪਟੀ ਡਾਇਰੈਕਟਰ ਅਕਾਦਮਿਕ ਡਾ. ਪ੍ਰਦੀਪ ਕੌੜਾ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ।ਇਸ ਟੂਰਨਾਮੈਂਟ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਕੁੱਲ 23 ਟੀਮਾਂ ਨੇ ਹਿੱਸਾ ਲਿਆ। ਸਾਰੀਆਂ ਟੀਮਾਂ ਨੇ ਜੇਤੂ ਬਨਣ ਲਈ ਇੱਕ ਦੂਜੇ ਨੂੰ ਜਬਰਦਸਤ ਟੱਕਰ ਦਿੱਤੀ।
ਲੜਕੀਆਂ ਦਾ ਫਾਈਨਲ ਮੈਚ ਬੀ.ਐਸ.ਸੀ (ਨਾਨ ਮੈਡੀਕਲ) ਅਤੇ ਐਮ.ਐਸ.ਸੀ (ਕੈਮਿਸਟਰੀ) ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਬੀ.ਐਸ.ਸੀ (ਨਾਨ ਮੈਡੀਕਲ) ਦੀ ਟੀਮ ਜੇਤੂ ਰਹੀ।ਲੜਕਿਆਂ ਦਾ ਫਾਈਨਲ ਮੈਚ ਬੀ.ਸੀ.ਏ ਅਤੇ ਐਮ.ਐਸ.ਸੀ. (ਆਈ.ਟੀ) ਪੀ.ਜੀ.ਡੀ.ਸੀ.ਏ. ਦੀਆਂ ਟੀਮਾਂ ਵਿਚਕਾਰ ਹੋਇਆ।ਐਮ.ਐਸ.ਸੀ (ਆਈ.ਟੀ) ਪੀ.ਜੀ.ਡੀ.ਸੀ.ਏ ਦੀ ਟੀਮ ਨੇ ਟਾਸ ਜਿੱਤ ਕੇ ਸਭ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਨਿਰਣਾ ਲਿਆ।ਇਸ ਟੀਮ ਨੇ ਆਪਣੀ ਖੇਡ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ ਪਿੱਛੇ 60 ਦੌੜਾਂ ਬਣਾਈਆਂ।ਇਸ ਟੀਚੇ ਦਾ ਪਿੱਛਾ ਕਰਦਿਆਂ ਬੀ.ਸੀ.ਏ ਦੀ ਟੀਮ ਦੀ ਪਾਰੀ ਲੜਖੜਾ ਗਈ ਅਤੇ ਇਹ ਟੀਮ ਨਿਰਧਾਰਤ ਓਵਰਾਂ ਵਿੱਚ ਸਿਰਫ 40 ਦੋੜਾਂ ਬਣਾ ਕੇ ਹੀ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਇਹ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਸਮਾਪਤ ਹੋਇਆ ।
ਲੜਕਿਆਂ ਵਿੱਚੋਂ ਐਮ.ਐਸ.ਸੀ. (ਆਈ.ਟੀ) ਪੀ.ਜੀ.ਡੀ.ਸੀ.ਏ. ਦੀ ਟੀਮ ਅਤੇ ਲੜਕੀਆਂ ਵਿੱਚੋਂ ਬੀ.ਐਸ.ਸੀ (ਨਾਨ ਮੈਡੀਕਲ) ਦੀ ਟੀਮ ਜੇਤੂ ਰਹੀ।ਪਹਿਲੇ ਸੈਮੀਫਾਈਨਲ ਮੈਚ ਵਿੱਚ ਐਮ.ਐਸ.ਸੀ (ਆਈ.ਟੀ) ਪੀ.ਜੀ.ਡੀ.ਸੀ.ਏ ਦੀ ਟੀਮ ਦੇ ਰਾਜਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ ਗਿਆ ਅਤੇ ਦੂਸਰੇ ਸੈਮੀਫਾਈਨਲ ਮੈਚ ਵਿੱਚ ਬੀ.ਸੀ.ਏ ਟੀਮ ਦੇ ਕਮਲਵੀਰ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ ਗਿਆ।ਇਸ ਟੂਰਨਾਮੈਂਟ ਵਿੱਚ ਮੈਨ ਆਫ਼ ਦਾ ਸ਼ੀਰੀਜ਼ ਦਾ ਖਿਤਾਬ ਵੀ ਐਮ.ਐਸ.ਸੀ (ਆਈ.ਟੀ) ਪੀ.ਜੀ.ਡੀ.ਸੀ.ਏ ਦੀ ਟੀਮ ਦੇ ਰਾਜਦੀਪ ਸਿੰਘ ਨੂੰ ਮਿਲਿਆ।ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਦੇ ਸਾਰੇ ਪ੍ਰਬੰਧ ਵਿਦਿਆਰਥੀ ਕਮੇਟੀਆਂ ਵੱਲੋਂ ਕੀਤੇ ਗਏ ਸਨ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਜੇਤੂ ਅਤੇ ਰਨਰ ਅੱਪ ਰਹੀਆਂ ਟੀਮਾਂ ਨੂੰ ਇਨਾਮ ਵੰਡੇ।ਉਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇੇ ਇਸ ਟੂਰਨਾਮੈਂਟ ਦੇ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਦੇ ਖੇਡ ਵਿਭਾਗ ਅਤੇ ਵਿਦਿਆਰਥੀ ਕਮੇਟੀਆਂ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media