Saturday, March 7, 2026

ਆਈ.ਆਈ.ਐਮ ਅੰਮ੍ਰਿਤਸਰ ਕੈਂਪਸ ਦੀ ਉਸਾਰੀ `ਚ ਦੇਰੀ `ਤੇ ਜਤਾਈ ਚਿੰਤਾ

ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਦੇ ਸਥਾਈ ਕੈਂਪਸ ਦੀ ਉਸਾਰੀ ਲਈ ਪੂਰੀ ਤਰ੍ਹਾਂ ਸੁਹਿਰਦ ਨਹੀਂ ਹਨ।ਬੇਸ਼ੱਕ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਨੇ ਇਸ ਵੱਕਾਰੀ ਕੇਂਦਰੀ ਪ੍ਰਬੰਧਨ ਸੰਸਥਾ ਲਈ ਮੁੱਖ ਜੀ.ਟੀ ਰੋਡ ਦੇ ਬਿਲਕੁੱਲ ਨਜਦੀਕ ਨਿਜਰਪੁਰਾ ਪਿੰਡ ਦੀ ਜੂਹ ਵਿੱਚ 60 ਏਕੜ ਕੀਮਤੀ ਜਮੀਨ ਦਾ ਪ੍ਰਬੰਧ ਕਰਕੇ ਆਈ.ਆਈ.ਐਮ ਸੋਸਾਇਟੀ ਦੇ ਨਾਮ ਰਜਿਸਟਰੀ ਕਰਵਾ ਕੇ ਇੰਤਕਾਲ ਵੀ ਕਰਵਾ ਦਿੱਤਾ।ਪਰ ਇਸੇ ਦੇ ਬਾਵਜੂਦ ਵੀ ਸੰਸਥਾ ਦੀ ਇਮਾਰਤ ਬਣਾਉਣ ਵੱਲ ਕਿਸੇ ਦੀ ਕੋਈ ਦਿਲਚਸਪੀ ਨਹੀ ਦਿਖ ਰਹੀ।PPN0304201735
ਇਹ ਖਦਸ਼ਾ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਅੰਮ੍ਰਿਤਸਰ ਵਿਕਾਸ ਮੰਚ ਦੀ ਹੰਗਾਮੀ ਮੀਟਿੰਗ ਵਿੱਚ ਪ੍ਰਗਟ ਕੀਤਾ ਗਿਆ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੋ: ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਲਖਬੀਰ ਸਿੰਘ ਘੁੰਮਣ ਆਦਿ ਮੈਂਬਰ ਸ਼ਾਮਿਲ ਹੋਏ।ਮੀਟਿੰਗ ਉਪਰੰਤ ਜਾਰੀ ਪ੍ਰੈਸ ਨੋਟ ਵਿੱਚ ਪ੍ਰਿ. ਕੁਲਵੰਤ ਸਿੰਘ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਨਿਜਰਪੁਰਾ ਟੋਲ ਪਲਾਜਾ ਤੋਂ ਤਕਰੀਬਨ ਅੱਧਾ ਕਿਲੋਮੀਟਰ ਅੰਮ੍ਰਿਤਸਰ ਵਾਲੇ ਪਾਸੇ ਮੇਨ ਜੀ.ਟੀ ਰੋਡ ਤੋਂ 100 ਫੁੱਟ ਚੌੜੀ ਚਾਰ-ਮਾਰਗੀ 750 ਮੀਟਰ ਲੰਬੀ ਪੱਕੀ ਸੜਕ ਦਾ 4 ਕਰੋੜ ਦੀ ਲਾਗਤ ਵਾਲੀ ਸੜਕ `ਤੇ ਠੰਡਾ ਮੌਸਮ ਹੋਣ ਕਾਰਨ ਪ੍ਰੀਮਿਕਸ ਨਹੀਂ ਸੀ ਪਾਇਆ ਗਿਆ, ਉਹ ਪ੍ਰੀਮਿਕਸ ਹੁਣ ਪਾ ਦਿਤੀ ਗਈ ਹੈ।ਇਸ ਤੋਂ ਇਲਾਵਾ ਕੇਂਦਰੀ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਨੇ ਵੀ ਇਸ ਦੀ ਚਾਰ-ਦੀਵਾਰੀ ਲਈ ਲਗਭਗ ਇਕ ਸਾਲ ਪਹਿਲਾਂ 15 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ, ਜੋ ਹਾਲੇ ਤੱਕ ਅਣਵਰਤੇ ਹੀ ਪਏ ਹਨ।ਜਿਸ ਦੀ ਪੜਤਾਲ ਕਰਵਾਉਣੀ ਬਣਦੀ ਹੈ ਕਿ ਪ੍ਰਬੰਧਕਾਂ ਨੇ ਇੰਨਾ ਲੰਬਾ ਅਰਸਾ ਚਾਰ-ਦੀਵਾਰੀ ਦੀ ਉਸਾਰੀ ਲਈ ਆਈ ਰਕਮ ਕਿਓਂ ਨਹੀਂ ਵਰਤੀ।ਉਨਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਮੀਨ ਅਤੇ ਬਜਟ ਦਾ ਪ੍ਰਬੰਧ ਹੋਣ ਦੇ ਬਾਵਜੂਦ ਹਾਲੇ ਤੱਕ ਇੱਕ ਇੱਟ ਵੀ ਕੈਂਪਸ `ਤੇ ਨਹੀਂ ਲਾੲ ਿਤੇ ਨਾ ਹੀ ਨਕਸ਼ਾ ਅਤੇ ਮਾਡਲ ਤਿਆਰ ਕਰਨ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਿਸੇ ਮਾਹਿਰ ਨਕਸ਼ਾ ਨਵੀਸ ਦੀਆਂ ਸੇਵਾਵਾਂ ਲੈਣ ਲਈ ਇਸ਼ਤਿਹਾਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਸਿੱਤਮ ਜ਼ਰੀਫੀ ਇਹ ਹੈ ਕਿ ਅੰਮ੍ਰਿਤਸਰ ਦੇ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਅਤੇ ਹਾਲ ਹੀ ਵਿੱਚ ਚੁਣੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਇੱਕ ਮੀਟਿੰਗ ਦੌਰਾਨ ਕੋਰਾ ਝੂਠ ਬੋਲ ਕੇ ਗੁਮਰਾਹ ਕਰ ਦਿੱਤਾ ਕਿ ਸੰਸਥਾ ਦੇ ਸਥਾਨ ਦਾ ਮੇਨ ਰੋਡ ਨਾਲ ਕੋਈ ਸੰਪਰਕ ਰਸਤਾ ਨਹੀਂ ਹੈ।ਜਦ ਕਿ ਸੰਸਥਾ ਦੀ ਜਮੀਨ ਮੇਨ ਜੀ.ਟੀ ਰੋਡ ਨਾਲ 750 ਮੀਟਰ ਲੰਬੀ ਅਤੇ 100 ਫੁੱਟ ਚੋੜੀ ਚਾਰ-ਮਾਰਗੀ ਸੜਕ ਨਾਲ ਪੂਰੀ ਤਰ੍ਹਾਂ ਜੁੜੀ ਹੋਈ  ਹੈ।ਸੰਸਥਾ ਦੇ ਕੈਂਪਸ ਦੇ ਉਸਾਰੀ ਪ੍ਰੋਜੈਕਟ ਨੂੰ ਉਲਝਾਉਣ ਲਈ ਸੰਸਥਾ ਦੇ ਸਥਾਨ ਦਾ ਬਣ ਰਹੇ ਅੰਮ੍ਰਿਤਸਰ-ਬਠਿੰਡਾ ਹਾਈਵੇ ਨਾਲ ਸੰਪਰਕ ਜੋੜਨ ਲਈ ਸੰਸਥਾ ਅਤੇ ਅੰਮ੍ਰਿਤਸਰ-ਬਠਿੰਡਾ ਹਾਈਵੇ ਦਰਮਿਆਨ 4 ਏਕੜ ਜਮੀਨ ਪ੍ਰਾਪਤ ਕਰਨ ਦੀ ਮੰਗ ਉਠਾ ਦਿੱਤੀ ਗਈ।ਲੇਕਿਨ ਪਹਿਲਾ ਕੰਮ ਕੈਂਪਸ ਦੀ ਉਸਾਰੀ ਲਈ ਲੋੜੀਂਦੇ ਨਕਸ਼ੇ ਤਿਆਰ ਕਰਵਾ ਕੇ ਕੈਂਪਸ ਦੇ ਸਾਰੇ ਬਲਾਕਾਂ ਦੀ ਉਸਾਰੀ ਸ਼ੁਰੂ ਕਰਨ ਦਾ ਹੈ।ਕੈਂਪਸ ਪੂਰਾ ਹੋਣ ਉਪਰੰਤ ਸੰਸਥਾ ਦਾ ਅੰਮ੍ਰਿਤਸਰ-ਬਠਿੰਡਾ ਹਾਈਵੇ ਨਾਲ ਸੰਪਰਕ ਰਸਤਾ ਤਿਆਰ ਕਰਨ ਲਈ ਯਤਨ ਹੋ ਸਕਦੇ ਹਨ।ਇਹ ਸੰਪਰਕ ਰਸਤਾ ਕਿਸੇ ਵੀ ਤਰ੍ਹਾਂ ਆਈ.ਆਈ.ਐਮ ਦੇ ਪਰਮਾਨੈਂਟ ਕੈਂਪਸ ਦੀ ਉਸਾਰੀ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ।
ਅੰਮ੍ਰਿਤਸਰ ਵਿਕਾਸ ਮੰਚ ਆਗੂਆਂ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਤੋਂ ਮੰਗ ਕੀਤੀ ਕਿ ਆਈ.ਆਈ.ਐਮ ਅੰਮ੍ਰਿਤਸਰ ਵਿਖੇ ਪੱਕੇ ਅਤੇ ਬਕਾਇਦਾ ਡਾਇਰੈਕਟਰ, ਪੱਕੇ ਅਧਿਆਪਕ ਅਤੇ ਪੱਕਾ ਸਟਾਫ ਭਰਤੀ ਕੀਤਾ ਜਾਵੇ।ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਨਾਲ 2014 ਵਿੱਚ ਸਿਰਮੌਰ (ਹਿਮਾਚਲ ਪ੍ਰਦੇਸ਼), ਵਿਸ਼ਾਖਾਪਟਨਮ (ਤਿਲੰਗਾਨਾ), ਬੋਧ ਗਯਾ (ਬਿਹਾਰ), ਨਾਗਪੁਰ (ਮਹਾਂਰਾਸ਼ਟਰ), ਸਾਂਬਲਪੁਰ (ਉੜੀਸਾ) ਵਿਖੇ ਆਈ.ਆਈ.ਐਮ ਸਥਾਪਤ ਕੀਤੇ ਸਨ। ਅੰਮ੍ਰਿਤਸਰ ਤੋਂ ਇਲਾਵਾ ਬਾਕੀ ਸਾਰੀਆਂ ਸੰਸਥਾਵਾਂ ਵਿੱਚ ਪੱਕੇ ਡਾਇਰੈਕਟਰ, ਅਧਿਆਪਕਾਂ ਅਤੇ ਬਾਕੀ ਸਟਾਫ ਦੀ ਭਰਤੀ ਹੋ ਚੁੱਕੀ ਹੈ।ਅੰਮ੍ਰਿਤਸਰ ਦੀ ਸੰਸਥਾ ਦਾ ਪ੍ਰਬੰਧ ਹਾਲੇ ਤੱਕ ਬਿਗਾਨਿਆਂ ਦੇ ਹੱਥ ਹੀ ਹੈ।ਉਨਾਂ ਪ੍ਰਧਾਨ ਮੰਤਰੀ ਅਤੇ ਮਨੁੱਖੀ ਸਰੋਤ ਮੰਤਰਾਲੇ ਨੂੰ ਇਸ ਮਾਮਲੇ ਨੂੰ ਪੂਰੀ ਤਵੱਜੋਂ ਦੇਣ ਦੀ ਮੰਗ ਕੀਤੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply