ਤਲਾਸ਼ੀ ਦੌਰਾਨ ਪੁਲਿਸ ਨੇ ਟਰਾਲਾ ਡਰਾਇਵਰ ਨੂੰ 5 ਕਿਲੋ ਭੁੱਕੀ ਸਮੇਤ ਕੀਤਾ ਕਾਬੂ

ਧੂਰੀ, 4 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੇ ਦਿਨੀਂ ਸਥਾਨਕ ਕੱਕੜਵਾਲ ਚੌਕ ਵਿਖੇ ਪ੍ਰਾਈਵੇਟ ਸਕੂਲਾਂ ਖਿਲਾਫ ਮਨਮਰਜ਼ੀ ਦੀਆਂ ਫੀਸਾਂ ਵਸੂਲਣ ਦੇ ਵਿਰੋਧ ਵਿੱਚ ਮਾਪਿਆਂ ਵੱਲੋਂ ਲਗਾਏ ਗਏ ਇੱਕ ਧਰਨੇ ਦੇ ਚਲਦਿਆਂ ਧਰਨਾਕਾਰੀਆਂ ਵੱਲੋਂ ਰੋਡ ਜਾਮ ਕਰਨ ਕਰਕੇ ਅਤੇ ਪੁਲਿਸ ਵੱਲੋਂ ਰੂਟ ਬਦਲ ਦਿੱਤੇ ਜਾਣ `ਤੇ ਧੋਬੀ ਘਾਟ ਵਾਲੇ ਰਸਤੇ ਤੋਂ ਗੁਜ਼ਰ ਰਹੇ ਇੱਕ ਟਰਾਲੇ ਨੂੰ ਬਿਜ਼ਲੀ ਦੀਆਂ ਤਾਰਾਂ ਸਪਾਰਕ ਹੋ ਜਾਣ `ਤੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਟਰਾਲੇ ਵਿੱਚ ਮੌਜੂਦ ਹੌਜਰੀ ਨਾਲ ਸਬੰਧਤ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅੱਗ ਲੱਗਣ ਦਾ ਸਮਾਚਾਰ ਮਿਲਣ ਕਾਰਨ ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੁੰਚੇ ਅਤੇ ਲੱਗਪੱਗ 3 ਘੰਟੇ ਬਾਅਦ ਫਾਇਰ ਬ੍ਰਿਗੇਡ, ਰਾਹਗੀਰਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਟਰਾਲੇ ਨੂੰ ਲੱਗੀ ਅੱਗ ੳੁੱਤੇ ਕਾਬੂ ਪਾਇਆ ਗਿਆ ਅਤੇ ਟਰਾਲੇ ਨੂੰ ਖੁੱਲੀ ਥਾਂ ਵਿੱਚ ਲਿਜਾਇਆ ਗਿਆ।ਇਸ ਉਪਰੰਤ ਜਦੋਂ ਐਸ.ਐਚ.ਓ ਨੇ ਸਬੰਧਤ ਡਰਾਇਵਰ ਨੂੰ ਕਾਗਜ਼ ਦਿਖਾਉਣ ਲਈ ਕਿਹਾ ਤਾਂ ਡਰਾਇਵਰ ਦੀ ਬੌਖਲਾਹਟ ਨੂੰ ਦੇਖਦੇ ਹੋਏ ਐਸ.ਐਚ.ਓ ਨੇ ਸ਼ੱਕ ਦੇ ਅਧਾਰ `ਤੇ ਟਰਾਲੇ ਦੀ ਚੈਕਿੰਗ ਕੀਤੀ ਅਤੇ ਇਸ ਤਲਾਸ਼ੀ ਦੌਰਾਨ ਐਸ.ਐਚ.ਓ ਹਰਜਿੰਦਰ ਸਿੰਘ ਨੇ 5 ਕਿਲੋ ਭੁੱਕੀ ਫੜਣ ਦਾ ਦਾਅਵਾ ਕਰਦਿਆਂ ਟਰੱਕ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।ਐਸ.ਐਚ.ਓ ਸਿਟੀ ਹਰਜਿੰਦਰ ਸਿੰਘ ਨੇ ਕਿਹਾ ਕਿ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਾ ਤਸਕਰਾਂ ਖਿਲਾਫ ਮਿਲੇ ਸਖਤ ਸੰਦੇਸ਼ ਦੇ ਚਲਦਿਆਂ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ `ਤੇ ਬਖਸ਼ਿਆ ਨਹੀਂ ਜਾਵੇਗਾ।ਉਹਨਾਂ ਲੋਕਾਂ ਨੂੰ ਅਜਿਹੇ ਮਾਮਲਿਆਂ ਵਿੱਚ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਲੋਕਾਂ ਦੀ ਕਰੜੀ ਮੁਸ਼ੱਕਤ ਅਤੇ ਥਾਣਾ ਮੁਖੀ ਦੇ ਸਹਿਯੋਗ ਨਾਲ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਐਸ.ਡੀ.ਐਮ ਧੂਰੀ ਅਮਰਿੰਦਰ ਸਿੰਘ ਟਿਵਾਣਾ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ `ਤੇ ਪੁੱਜ ਗਏ ਸਨ। ਨਾਲ ਹੀ ਟਰਾਲੇ ਵਿੱਚੋਂ ਫੜੀ ਗਈ ਭੁੱਕੀ ਬਾਰੇ ਉੱਥੇ ਇਕੱਠੇ ਹੋਏ ਲੋਕਾਂ ਵਿੱਚ ਕਾਫੀ ਚਰਚਾ ਹੋ ਰਹੀ ਸੀ।
Punjab Post Daily Online Newspaper & Print Media