ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਅੰਦਰ ਵਿੱਤੀ ਸੰਕਟ ਦੇ ਹੱਲ ਲਈ ਫੀਸਾਂ ਵਿਚ ਕੀਤਾ ਬੇਤਹਾਸ਼ਾ ਵਾਧਾ ਸਰਾਸਰ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਹੈ।ਉਹਨਾਂ ਦੀ ਅਪੀਲ ਦਲੀਲ ਨੂੰ ਦਰਕਿਨਾਰ ਕਰਨਾ ਜ਼ਲੀਲ ਕਰਨ ਦੇ ਤੁੱਲ ਹੈ।
ਇਹ ਤੱਥ ਸਾਹਮਣੇ ਹਨ ਕਿ ਵਿਦਿਆਰਥੀ ਧਿਰਾਂ ਕੋਈ ਅੰਦੋਲਨ ਕਰਨ ਲਈ ਤਿਆਰ ਨਹੀਂ ਸਨ, ਬਲਕਿ ਕਈ ਦਿਨਾਂ ਤੋਂ ਆਪਣਾ ਪੱਖ ਅਧਿਕਾਰੀਆਂ ਸਾਹਮਣੇ ਰੱਖਣਾ ਚਾਹੁੰਦੀਆਂ ਸਨ।ਬਿਨਾਂ ਸ਼ੱਕ ਵਿਦਿਆਰਥੀ ਧਿਰਾਂ ਦੇ ਕਿਸੇ ਨਾ ਕਿਸੇ ਰਾਜਨੀਤਿਕ ਧੜਿਆਂ ਨਾਲ ਸਬੰਧ ਹੋ ਸਕਦੇ ਹਨ, ਪਰ ਉਹਨਾਂ ਵਲੋਂ ਕੀਤੀ ਗਈ ਪਹੁੰਚ ਯੋਗ ਸੀ। ਹੁਣ ਜਦੋਂ ਉਹਨਾਂ ਦੇ ਸਬਰ ਦਾ ਬੰਨ ਟੁੱਟਿਆ ਤਾਂ ਹਾਲਾਤ ਹਿੰਸਕ ਬਣ ਗਏ।ਇਹਨਾਂ ਹਾਲਾਤਾਂ ਨੂੰ ਲਾਠੀਆਂ ਤੇ ਜਲ ਤੋਪਾਂ ਨਾਲ ਕਾਬੂ ਕਰਨਾ, ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਚੰਡੀਗੜ੍ਹ ਪੁਲਿਸ ਦੀ ਨਾਕਾਮਯਾਬੀ ਹੈ।ਵਿਦਿਆਰਥੀਆਂ ਵਿਰੁੱਧ ਦੇਸ਼-ਧ੍ਰੋਹ ਦੇ ਪਰਚੇ ਦਰਜ ਕਰਕੇ ਉਹਨਾਂ ਦੇ ਭਵਿੱਖ ਨੂੰ ਦਾਅ ਤੇ ਲਾਉਣਾ ਹੋਰ ਵੱਡੀ ਖਤਰਨਾਕ ਖੇਡ ਹੈ। ਖਬਰਾਂ ਹਨ ਕਿ ਪੁਲਿਸ ਪਰਚੇ ਰੱਦ ਕਰਨ ਵਲ ਤੁਰੀ ਹੈ, ਜਿਸ ਦਾ ਸਵਾਗਤ ਕਰਨਾ ਬਣੇਗਾ।ਜੇਕਰ ਵਿਦਿਆਰਥੀਆਂ ਨਾਲ ਕੋਈ ਵਧੀਕੀ ਹੋਈ ਤਾਂ ਪੰਥਕ ਤਾਲਮੇਲ ਸੰਗਠਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਿਦਿਆਰਥੀਆਂ ਦਾ ਡਟ ਕੇ ਸਾਥ ਦੇਵੇਗਾ।ਸਿੱਖਿਆ ਸ਼ਾਸ਼ਤਰੀ ਅਤੇ ਸੁਰੱਖਿਆ ਸ਼ਾਸ਼ਤਰੀ ਬਦਲਾਖੋਰੀ ਦੀ ਥਾਂ ਬਦਲ ਪੇਸ਼ ਕਰਨ ਦੀ ਕਾਬਲੀਅਤ ਵਿਖਾਉਣ ਤੇ ਰੁਤਬਾ-ਮਰਿਆਦਾ ਦਾ ਪਾਲਣ ਕਰਨ।ਪੰਥਕ ਤਾਲਮੇਲ ਸੰਗਠਨ ਦੀ ਅਪੀਲ ਹੈ ਕਿ ਵਿਦਿਆਰਥੀਆਂ ਦਾ ਕਿਸੇ ਪੱਖੋਂ ਵੀ ਸ਼ੋਸ਼ਣ ਨਾ ਹੋਵੇ ਅਤੇ ਪੜ੍ਹਾਈ ਲਈ ਸੁਖਾਵਾਂ ਮਾਹੌਲ ਦਿੱਤਾ ਜਾਵੇ।ਵਿੱਤੀ ਸੰਕਟ ਜਾਂ ਯੂਨੀਵਰਸਿਟੀ ਦੀ ਹੋਂਦ ਦੇ ਖਤਰਿਆਂ ਵਿਰੁੱਧ ਲੋਕ-ਸੰਵਾਦ ਰਚਾਏ ਜਾਣ।ਲੋਕ-ਲਹਿਰ ਰਾਹੀਂ ਯੂਨੀਵਰਸਿਟੀ ਦੀ ਸੰਭਾਲ ਲਈ ਹੱਲ ਤਲਾਸ਼ੇ ਜਾਣ।ਕੇਂਦਰ ਤੇ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਵੀ ਰਾਸ਼ਟਰਵਾਦ ਦਾ ਹਿੱਸਾ ਸਮਝ ਕੇ ਨਿਰੰਤਰ ਨਰੋਆ ਯੋਗਦਾਨ ਪਾਉਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media