ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –

ਸਥਾਨਕ ਤਰਨ ਤਾਰਨ ਰੋਡ ਸਥਿਤ ਬਰਫ ਵਾਲੇ ਕਾਰਖਾਨੇ ਨੇੜੇ 14 ਅਪ੍ਰੈਲ ਨੂੰ ਵਾਪਰੀ ਖੋਹ ਦੀ ਘਟਨਾ ਸਬੰਧੀ ਨਾਮਜ਼ਦ ਤਿੰਨ ਦੋਸ਼ੀਆਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਚੌਕੀ ਕੋਟ ਮਿਤ ਸਿੰਘ ਦੀ ਪੁਲਿਸ ਵਲੋਂੇ ਤਿੰਨ ਵਿਚੋਂ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ.ਐਸ.ਆਈ ਅਰਜਨ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਵਾਸੀ ਅਸ਼ੋਕ ਕੁਮਾਰ ਹਾਲ ਵਾਸੀ ਤਰਨਤਾਰਨ ਰੋਡ ਨੇ ਦੱਸਿਆ ਹੈ ਕਿ 14 ਅਪ੍ਰੈਲ ਨੂੰ ਉਹ ਚੱਬਾ ਸਥਿਤ ਹਸਪਤਾਲ ਵਿੱਚ ਦਾਖਲ਼ ਆਪਣੇ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛ ਕੇ ਰਾਤ ਦੇ ਤਕਰੀਬਨ 10 ਵਜੇ ਆਪਣੀ ਪਤਨੀ ਸਮੇਤ ਵਾਪਸ ਆਉਣ ਲਈ ਜਦ ਉਨਾਂ ਨੇ ਕਿਰਾਏ ‘ਤੇ ਆਟੋ ਰਿਕਸ਼ਾ ਲ਼ਿਆ ਤਾਂ ਉਸ ਵਿੱਚ ਪਹਿਲਾਂ ਹੀ ਦੋ ਨੌਜਵਾਨ ਬੈਠੇ ਹੋਏ ਸਨ ਅਤੇ ਜਦ ਉਹ ਬਰਫ ਦੇ ਕਾਰਖਾਨੇ ਨੇੜੇ ਪਹੁੰਚ ਕੇ ਕਿਰਾਇਆ ਦੇਣ ਲੱਗਾ ਤਾਂ ਨੌਜਵਾਨ ਉਸ ਦਾ ਮੋਬਾਇਲ ਖੋਹਣ ਲੱਗ ਪਏ ਤਾਂ ਉਸ ਨੇ ਉਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਉਸ ਦਾ ਪਰਸ ਵੀ ਜੇਬ ਵਿਚੋਂ ਉਕਤ ਵਿਅਕਤੀਆਂ ਨੇ ਕੱਢ ਲਿਆ।ਪਰ ਇਸੇ ਦੌਰਾਨ ਉਸ ਨੇ ਇੱਕ ਲੁਟੇਰੇ ਨੂੰ ਮਜ਼ਬੂਤੀ ਨਾਲ ਫੜ ਲਿਆ ਤਾਂ ਦੂਜੇ ਨੌਜਵਾਨ ਨੇ ਉਸ ਦੇ ਸਿਰ ਵਿੱਚ ਪੱਥਰ ਮਾਰ ਦਿੱਤਾ ਅਤੇ ਉਸੇ ਆਟੋ ਵਿੱਚ ਤਿੰਨੇ ਨੌਜਵਾਨ ਫਰਾਰ ਹੋ ਗਏ।
ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਸ਼ਿਕਾਇਤ ਮਿਲਣ ‘ਤੇ ਕੀਤੀ ਗਈ ਤਫਤੀਸ਼ ਦੌਰਾਨ ਇਸ ਮਾਮਲੇ ਵਿੱਚ ਨਾਮਜ਼ੱਦ ਤਿੰਨ ਦੋਸ਼ੀਆਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਆਈ.ਪੀ.ਸੀ ਦੀ ਧਾਰਾ 382, 323, 34 ਅਧੀਨ ਕੇਸ ਦਰਜ ਕਰ ਕੇ ਦੋ ਦੋਸ਼ੀ ਗਗਨਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ, ਤਰਨ ਤਾਰਨ ਰੋਡ ਅਤੇ ਪ੍ਰੀਤਮ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਾਤਾ ਗੰਗਾ ਜੀ ਨਗਰ ਕੋਟ ਮਿਤ ਸਿੰਘ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲ਼ਿਆ ਹੈ ਅਤੇ ਉਨਾਂ ਵਲੋਂ ਵਾਰਦਾਤ ਸਮੇਂ ਵਰਤਿਆ ਗਿਆ ਆਟੋ ਰਿਕਸ਼ਾ ਨੰਬਰ ਪੀ.ਬੀ.02-ਸੀ.ਆਰ-7152 ਪੁਲਿਸ ਨੇ ਕਬਜ਼ੇ ਵਿੱਚ ਲੈ ਲ਼ਿਆ ਹੈ ਅਤੇ ਖੋਹੇ ਗਏ ਦੋ ਮੋਬਾਇਲ ਵੀ ਬਰਾਮਦ ਕੀਤੇ ਹਨ।ਉਨਾਂ ਕਿਹਾ ਫਰਾਰ ਚੱਲ ਰਹੇ ਉਨਾਂ ਦੇ ਤੀਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਚੌਕੀ ਇੰਚਾਰਜ ਅਰਜਨ ਕੁਮਾਰ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨਾਂ ਵਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ।
Punjab Post Daily Online Newspaper & Print Media