ਪੱਤਰਕਾਰ ਨਾਲ ਕਾਂਗਰਸੀਆਂ ਵਲ਼ੋਂ ਕੀਤੀ ਗਈ ਅਤਿ ਦਰਜੇ ਦੀ ਬਦਤਮੀਜ਼ੀ ਦੀ ਕੀਤੀ ਨਿੰਦਾ
ਕੱਥੂਨੰਗਲ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਭਾਰਤ ਦੇ ਦੌਰੇ ’ਤੇ ਆਏ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਸਵਾਗਤ ਅਤੇ ਸਨਮਾਨ ਦੀ ਵਕਾਲਤ ਕਰਦਿਆਂ ਕਿਹਾ ਕਿ ਜਿਨ੍ਹਾਂ ਗੁਰਸਿੱਖਾਂ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਨਾਮ ਉਚਿਆਂ ਕੀਤਾ ਅਤੇ ਪੰਜਾਬੀਆਂ ਦੇ ਪੱਗ ਦੀ ਸ਼ਾਨ ਰੱਖੀ ਉਹ ਹਮੇਸ਼ਾਂ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ।
ਹਲਕਾ ਮਜੀਠਾ ਦੇ ਪਿੰਡ ਸ਼ਹਿਜ਼ਾਦਾ ਵਿਖੇ ਧੰਨਵਾਦੀ ਦੌਰੇ ’ਤੇ ਆਏ ਹੋਏ ਮਜੀਠੀਆ ਨੇ ਕਿਹਾ ਕਿ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਬਣਦਾ ਮਾਣ ਦੇਣਾ ਸਾਡੇ ਅਮੀਰ ਪਰੰਪਰਾ ਦਾ ਅਨਿੱਖੜਵਾਂ ਹਿੱਸਾ ਹੈ, ਜਿਸ ਪ੍ਰਤੀ ਸਾਨੂੰ ਸਭ ਨੂੰ ਖਿਆਲ ਰਖਣਾ ਚਾਹੀਦਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੀ.ਆਈ.ਪੀ ਕਲਚਰ ਖਤਮ ਕਰਨ, ਹੱਕ ਅਤੇ ਇਨਸਾਫ਼ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ’ਚ ਸਿਆਸੀ ਦਖਲ ਅੰਦਾਜ਼ੀ ਬੰਦ ਕਰਨ ਦੇ ਹੁਕਮ ਤਾਂ ਚਾੜ੍ਹੇ ਗਏ ਹਨ ਪਰ ਸੱਤਾ ਦੇ ਨਸ਼ੇ ’ਚ ਚੂਰ ਕਾਂਗਰਸੀ ਨੇਤਾਵਾਂ ਦੀ ਨੇਤਾਗਿਰੀ ਕਾਰਨ ਰਾਜ ਦੀ ਅਮਨ ਕਾਨੂੰਨ ਦੀ ਜ਼ਮੀਨੀ ਸਥਿਤੀ ਕੁੱਝ ਹੋਰ ਬਿਆਨ ਕਰ ਰਹੀ ਹੈ।ਉਹਨਾਂ ਕਿਹਾ ਕਿ ਉਕਤ ਹੁਕਮਾਂ ਨੂੰ ਟਿੱਚ ਜਾਣਦਿਆਂ ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਮਹਿਲਾ ਪ੍ਰਿੰਸੀਪਲ ਨੂੰ ਧਮਕੀ ਦਿੱਤੀ ਗਈ, ਦੂਜੇ ਵੱਲੋਂ ਕਾਂਗਰਸੀ ਵਰਕਰਾਂ ਦੇ ਜਾਇਜ਼ ਨਜਾਇਜ਼ ਕੰਮਾਂ ਪ੍ਰਤੀ ਸੁਣਵਾਈ ਨਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਖੰਡਤਾ ਅਤੇ ਅਮਨ ਸ਼ਾਂਤੀ ਲਈ ਵੱਡੀਆਂ ਘਾਲਣਾਵਾਂ ਘਾਲੀਆਂ ਹਨ, ਨੂੰ ਲੰਮਿਆਂ ਪਾ ਦੇਣ ਦੀ ਤਾੜਨਾ ਕਰਨੀ ਅਤੇ ਮੁਕਤਸਰ ਦੇ ਇੱਕ ਪੱਤਰਕਾਰ ਨਾਲ ਕਾਂਗਰਸ ਆਗੂਆਂ ਵਲ਼ੋਂ ਕੀਤੀ ਗਈ ਅਤਿ ਦਰਜੇ ਦੀ ਬਦਤਮੀਜ਼ੀ ਦੀ ਜਿੰਨੀ ਵੀ ਸਖ਼ਤ ਨਿੰਦਾ ਕੀਤੀ ਜਾਵੇ ਘੱਟ ਹੈ।ਉਹਨਾਂ ਕਿਹਾ ਕਿ ਸਮਾਜ ਦੇ ਵਕਾਰੀ ਰੁਤਬੇ ਵਾਲਿਆਂ ਨੂੰ ਜ਼ਲੀਲ ਕਰਨ ਦੀਆਂ ਉਕਤ ਘਟਨਾਵਾਂ ਕਾਂਗਰਸ ਸਰਕਾਰ ਦੀ ਲੋਕਾਂ ਅਤੇ ਸਮਾਜ ਪ੍ਰਤੀ ਨਕਾਰਾਤਮਿਕ ਪਹੁੰਚ ਅਤੇ ਜਵਾਬਦੇਹੀ ਦੀ ਅਸਲ ਮੂੰਹ ਬੋਲਦੀਆਂ ਤਸਵੀਰਾਂ ਹਨ। ਜੋ ਕਿ ਪੰਜਾਬੀ ਸਮਾਜ ਅਤੇ ਪੰਜਾਬ ਦੀ ਸ਼ਾਂਤੀ ਤੇ ਅਮਨ ਕਾਨੂੰਨ ਦੀ ਵਿਵਸਥਾ ਲਈ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਪਿੰਡ ਪਿੰਡ ਲੋਕਾਂ ਅਤੇ ਵਿਰੋਧੀ ਪਾਰਟੀ ਦੇ ਕਾਰਕੁਨਾਂ ਨਾਲ ਵਧੀਕੀਆਂ ਹੋ ਰਹੀਆਂ ਹਨ, ਜਿਸ ਰਾਜ ਅਤੇ ਵਿਵਸਥਾ ਵਿੱਚ ਮੀਡੀਆ ਨੂੰ ਨਹੀਂ ਬਖਸ਼ਿਆ ਗਿਆ ਹੋਵੇ, ਇੱਕ ਪੱਤਰਕਾਰ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੋਵੇ ਉੱਥੇ ਦੂਜੇ ਆਮ ਲੋਕਾਂ ਦੀ ਸਥਿਤੀ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ।
ਉਹਨਾਂ ਕਿਹਾ ਕਿ ਕਰਜ਼ਾ ਮੁਆਫ਼ ਕਰਨ ਦਾ ਲਾਰਾ ਲਾ ਕੇ ਕਾਂਗਰਸ ਨੇ ਕਿਸਾਨਾਂ ਤੋਂ ਵੋਟਾਂ ਤਾਂ ਬਟੋਰ ਲਈਆਂ ਪਰ ਕਰਜ਼ਾ ਮੁਆਫ਼ੀ ਦੇ ਨਾਂ ’ਤੇ ਕਮੇਟੀ ਬਣਾ ਕੇ ਇਸ ਮੁੱਦੇ ਨੂੰ ਠੰਢੇ ਬਸਤੇ ਵਿੱਚ ਪਾਉਣ ਨਾਲ ਅੱਜ ਕਿਸਾਨੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਹਨ।ਉਹਨਾਂ ਕਿਹਾ ਕਿ ਕਾਂਗਰਸ ਕਿਸਾਨਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਯੂ ਪੀ ਸਰਕਾਰ ਦੀ ਤਰਾਂ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਕਰਜ਼ਾ ਮੁਆਫ਼ੀ ਦਾ ਐਲਾਨ ਕਰਦੇ, ਕਿਉਂਕਿ ਚੋਣ ਪ੍ਰਚਾਰ ਅਤੇ ਮੈਨੀਫੈਸਟੋ ’ਚ ਕਰਜ਼ਾ ਮੁਆਫ਼ੀ ਲਈ ਕੋਈ ਸ਼ਰਤ ਤਾਂ ਨਹੀਂ ਸੀ ਰੱਖੀ ਹੋਈ।ਉਹਨਾਂ ਕਿਹਾ ਕਿ ਅੱਜ ਨਾ ਘਰ ਘਰ ਨੌਕਰੀਆਂ ਦੇਣ ਲਈ ਪਲੈਨਿੰਗ ਹੋ ਰਹੀ ਹੈ, ਨਾ ਪੈਨਸ਼ਨ ਅਤੇ ਸਗਨ ਸਕੀਮਾਂ ਦਿੱਤਿਆਂ ਜਾ ਰਹੀਆਂ ਹਨ। ਆਟਾ ਦਾਲ ਨਾਲ ਖੰਡ ਅਤੇ ਚਾਹ ਤਾਂ ਦੂਰ ਦੀ ਗਲ ਚੁਲਿਆਂ ਤੋਂ ਅੱਜ ਬੁਝਾਉਣ ਦੀਆਂ ਤਿਆਰੀਆਂ ਤੇ ਸਾਜ਼ਿਸ਼ਾਂ ਚਲ ਰਹੀਆਂ ਹਨ। ਸਰਕਾਰ ਨੇ ਵਿਕਾਸ ਤਾਂ ਕੀ ਕਰਾਉਣਾ ਹੈ ਸਗੋਂ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਠੱਪ ਕਰਦੇ ਗਏ ਹਨ ਅਤੇ ਦਿੱਤਿਆਂ ਗਈਆਂ ਗਰਾਂਟਾਂ ਵਾਪਸ ਮੰਗਵਾ ਰਹੇ ਹਨ।ਇਸ ਮੌਕੇ ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ, ਬੀਬੀ ਕਰਮਜੀਤ ਕੌਰ, ਰਘਬੀਰ ਸਿੰਘ, ਗੁਰਮੀਤ ਸਿੰਘ, ਡਾ: ਕੰਵਲਜੀਤ ਸਿੰਘ, ਨਿਸ਼ਾਨ ਸਿੰਘ, ਸਰਬਜੀਤ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਕਸ਼ਮੀਰ ਸਿੰਘ ਅਤੇ ਕੁਲਵਿੰਦਰ ਸਿੰਘ ਧਾਰੀਵਾਲ ਆਦਿ ਵੀ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media