Sunday, June 21, 2026

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬੰਦ ਕਰਨ ਸਬੰਧੀ ਫੈਸਲੇ ਨੂੰ ਦੱਸਿਆ ਮੰਦਭਾਗਾ

ਕੌਂਸਲ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਵੇਗੀ ਠੋਸ ਫੈਸਲਾ – ਮਜੀਠੀਆ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – Chhina - Satyajitਪੰਜਾਬ ਦੀ ਮੌਜ਼ੂਦਾ ਸਰਕਾਰ ਵੱਲੋਂ ਨਵਸਥਾਪਿਤ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬੰਦ ਕਰਨ ਸਬੰਧੀ ਲਏ ਗਏ ਫੈਸਲੇ ਨੂੰ ਅਤਿ-ਮੰਦਭਾਗਾ ਕਰਾਰ ਦਿੰਦਿਆ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਬੰਧੀ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਜਲਦ ਹੀ ‘ਯੂਨੀਵਰਸਿਟੀ’ ਨੂੰ ਬਚਾਉਣ ਲਈ ਠੋਸ ਫੈਸਲੇ ਲਏ ਜਾਣਗੇ। ਉਨ੍ਹਾਂ ਨੇ ਇਸ ਨੂੰ ਇਕਤਰਫ਼ਾ, ਰਾਜਨੀਤੀ ਤੋਂ ਪ੍ਰੇਰਿਤ ਅਤੇ ਸਿਆਸੀ ਬਦਲਾਖੋਰੀ ਵਾਲਾ ਫੈਸਲਾ ਦੱਸਿਆ।
ਮਜੀਠੀਆ ਨੇ ਕਿਹਾ ਕਿ ਅਗਸਤ-2016 ’ਚ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਨਿਯਮਾਂ ਮੁਤਾਬਕ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬਣਾਉਣ ਦੀ ਪ੍ਰਵਾਨਗੀ ਉਪਰੰਤ ਦਾਖਲੇ ਸ਼ੁਰੂ ਕੀਤੇ ਗਏ ਅਤੇ ਇਸ ਵਕਤ 300 ਤੋਂ ਵਧੇਰੇ ਵਿਦਿਆਰਥੀ ਵੱਖ-ਵੱਖ ਕਲਾਸਾਂ ’ਚ ਪੜ੍ਹਾਈ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਨੇ ਖ਼ਾਲਸਾ ਕਾਲਜ ਦੇ ਰਚਨਹਾਰਿਆਂ ਦੇ ਸੁਪਨੇ ਕਿ ਉਨ੍ਹਾਂ ਦੀ ਆਪਣੀ ਯੂਨੀਵਰਸਿਟੀ ਹੋਵੇ, ਨੂੰ ਪੂਰਾ ਕਰਨ ਲਈ ਵਿਸ਼ੇਸ਼ ਕਦਮ ਉਠਾਏ ਸਨ, ਜਿਸ ਸਦਕਾ ‘ਖ਼ਾਲਸਾ ਯੂਨੀਵਰਸਿਟੀ’ ਹੋਂਦ ’ਚ ਆਈ, ਪਰ ਮੌਜ਼ੂਦਾ ਸਰਕਾਰ ਇਸ ਵਿੱਦਿਅਕ ਪ੍ਰੋਜੈਕਟ ਨੂੰ ਖ਼ਤਮ ਕਰਨ ਦੇ ਕਗਾਰ ’ਤੇ ਹੈ।
ਮਜੀਠੀਆ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ, ਜੋ ਕਿ ਸਰਹੱਦੀ ਖੇਤਰ ਅਤੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਵਿੱਦਿਅਕ ਪੱਖੋਂ ਇਕ ਉਮੀਦ ਦੀ ਕਿਰਨ ਹੈ, ਨੂੰ ਕੌਝੀ ਸਿਆਸਤ ਦੇ ਭੇਂਟ ਚੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖ਼ਾਲਸਾ ਯੂਨੀਵਰਸਿਟੀ’ ’ਚ ਪਹਿਲੇ ਸਾਲ ਦੀ ਪੜ੍ਹਾਈ ਕਰਨ ਕਰ ਚੁੱਕੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਨੂੰ ਦਰ-ਕਿਨਾਰ ਕਰਨ ਦਾ ਫੈਸਲਾ ਲਿਆ ਹੈ। ਮਜੀਠੀਆ ਨੇ ਯਾਦ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਿਤਾ ਸੁਰਜੀਤ ਸਿੰਘ ਮਜੀਠੀਆ ਨੇ ਕੈਪਟਨ ਸਿੰਘ ਨੂੰ ਕੌਂਸਲ ਦਾ ਚਾਂਸਲਰ ਬਣਾਇਆ ਸੀ। ਇਸ ਲਈ ਉਨ੍ਹਾਂ ਨੂੰ ਕਾਲਜ ਦੇ ਗੌਰਵਮਈ ਇਤਿਹਾਸ ਨੂੰ ਅਗਾਂਹ ਤੋਰਦਿਆਂ ਪ੍ਰਵਾਨਿਤ ਯੂਨੀਵਰਸਿਟੀ ਦੀ ਤਰੱਕੀ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ ਨਾ ਕਿ ਇਸ ਨੂੰ ਬੰਦ ਕਰਨਾ।
ਕੌਂਸਲ ਦੇ ਆਨਰੇਰੀ ਸਕੱਤਰ ਤੇ ’ਵਰਸਿਟੀ ਦੇ ਪ੍ਰੋ:-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਸਰਕਾਰ ਦੇ ਫੈਸਲੇ ’ਤੇ ਤਿੱਖਾ ਪ੍ਰਤੀਕ੍ਰਮ ਦਿੰਦਿਆ ਕੈਪਟਨ ਸਿੰਘ ਨੂੰ ਸਵਾਰਥੀ ਹੱਥਾਂ ਦੀ ਲਾਬੀ ਤੋਂ ਪ੍ਰੇਰਿਤ ਹੋ ਕੇ ਇਤਿਹਾਸਕ ਖ਼ਾਲਸਾ ਕਾਲਜ ਦੀ ਗੌਰਵਮਈ ਵਿਰਾਸਤੀ ਇਮਾਰਤ ਨੂੰ ਛੇੜਛਾੜ ਕਰਨ ਦੇ ਇਲਜਾਮ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਦਿੱਖ ਅਤੇ ਖੁਦਮੁਖਤਿਆਰ ਹੋਂਦ ਨੂੰ ਬਰਕਰਾਰ ਰੱਖੇਗਾ ਅਤੇ ਯੂਨੀਵਰਸਿਟੀ ਅਲੱਗ ਤੌਰ ’ਤੇ ਵਿਸ਼ੇਸ਼ ਸਥਾਨ ’ਤੇ ਉਸਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਖੋਜ਼ ਭਰਪੂਰ ਵਿੱਦਿਆ ਜਿਸ ’ਚ ਐੱਫ਼. ਫਿਲ, ਪੀ. ਐੱਚ. ਡੀ., ਪ੍ਰੋਫੈਸ਼ਨਲ ਕੋਰਸਸ ਚਲਾਉਣ ਦਾ ਨੌਜਵਾਨਾਂ ਨੂੰ ਉੱਚ ਵਿੱਦਿਆ ਅਤੇ ਰੋਜ਼ਗਾਰ ਦੇ ਸਾਧਨ ਮੁਹੱਈਆ ਹੋਣੇ ਹਨ, ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਸ ਸਮੇਂ ਐਗਰੀਕਲਚਰ, ਇੰਜੀਨੀਅਰਿੰਗ, ਸਾਇੰਸਸ, ਐਜ਼ੂਕੇਸ਼ਨ, ਫ਼ਿਜੀਕਲ ਐਜ਼ੂਕੇਸ਼ਨ, ਪੰਜਾਬੀ, ਹਿੰਦੀ, ਇੰਗਲਿਸ਼, ਜਰਨਲਿਜ਼ਮ ਐਂਡ ਮਾਸ ਕਮਨੀਕੇਸ਼ਨ, ਲਾਅ, ਲਾਇਬ੍ਰੇਰੀ ਸਾਇੰਸ, ਮੈਡੀਕਲ ਲੈਬ, ਟੈਕਨਾਲੋਜੀ, ਫਾਰਮੇਸੀ ਐਂਡ ਨਰਸਿੰਗ, ਫੈਕਲਟੀ ਦੇ ਕੋਰਸਾਂ ਦਾ ਅਗਾਜ਼ ਹੋ ਚੁੱਕਾ ਹੈ।
ਮਜੀਠੀਆ ਅਤੇ ਛੀਨਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਖ਼ਾਲਸਾ ਕਾਲਜ ਦੇ ਰਚਨਹਾਰਿਆਂ ਦਾ ਸੁਪਨਾ ਸੀ ਕਿ ਸੋਸਾਇਟੀ ਦੀ ਆਪਣੀ ਯੂਨੀਵਰਸਿਟੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਤਾਬਕ ਸਭ ਤੋਂ ਪਹਿਲਾਂ ਪ੍ਰਸਤਾਵ ਸੰਨ 1919 ’ਚ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਕੋਲ ਪੇਸ਼ ਕੀਤਾ ਪਰ ਸੁੰਤਰਤਰਾ ਸੰਗਰਾਮ ’ਚ ਹਿੱਸਾ ਲੈਣ ਹਿੱਤ ‘ਯੂਨੀਵਰਸਿਟੀ’ ਦਾ ਮਤਾ ਉਸ ਸਮੇਂ ਦੀ ਸਰਕਾਰ ਨੇ ਨਹੀਂ ਪ੍ਰਵਾਨ ਕੀਤਾ ਸੀ ਅਤੇ ਹੁਣ ਦੁਬਾਰਾ ਫ਼ਿਰ ਮੌਜੂਦਾ ਸਰਕਾਰ ਇਤਿਹਾਸ ਨੂੰ ਦੁਹਰਾ ਰਹੀ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply