ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਜਾਰੀ ਬਿਆਨ ’ਚ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਸਮਾਜ, ਪੁਰਾਣੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਕਰਕੇ ਪੂਰਵਜ੍ਹਾ ਦੇ ਸੁਪਨੇ ਨੂੰ ਸਕਾਰ ਕੀਤਾ ਸੀ।ਪਰ ਅਫ਼ਸੋਸ ਹੈ ਕਿ ਮੌਜ਼ੂਦਾ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ’ਤੇ ਲਗਾਉਂਦਿਆਂ ਯੂਨੀਵਰਸਿਟੀ ਐਕਟ ਨੂੰ ਰੱਦ ਕੀਤਾ ਹੈ।
ਉਨ੍ਹਾਂ ਕਿਾ ਕਿ ਖਾਲਸਾ ਯੂਨੀਵਰਸਿਟੀ, ਜੋ ਕਿ ਦੁਨੀਆ ਦੀ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਪੈਟਰਨ ’ਤੇ ਵਿਭਿੰਨ ਪ੍ਰੋਫੈਸ਼ਨਲ ਕਾਲਜਾਂ ’ਤੇ ਅਧਾਰਿਤ ਸਥਾਪਿਤ ਕੀਤੀ ਗਈ ਸੀ, ਇਕ ਗਲਤ ਧਾਰਨਾ ’ਚ ਗਲਤਾਨ ਹੋ ਕੇ ਇਹ ਇਕ ਨਿੱਜੀ ਸਾਜਿਸ਼ ਦਾ ਸ਼ਿਕਾਰ ਬਣ ਗਈ ਹੈ।ਉਨ੍ਹਾਂ ਕਿਹਾ ਕਿ ਇਹ ਸਾਰੇ ਗ਼ੈਰ-ਸਰਕਾਰੀ ਸੰਸਥਾਵਾਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੁਆਰਾ ਵਰਤੀ ਜਾਂਦੀ ਪ੍ਰਾਈਵੇਟ ਯੂਨੀਵਰਸਿਟੀ ਦੀ ਸ਼ਬਦਾਂਵਲੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦ ਕਿ ਤੱਥ ਇਹ ਹੈ ਕਿ ਇਤਿਹਾਸਕ ਖਾਲਸਾ ਕਾਲਜ ਨੂੰ ਚਲਾਉਣ ਸੋਸਾਇਟੀ ਹੀ ਅਲੱਗ ਤੌਰ ’ਤੇ ਯੂਨੀਵਰਸਿਟੀ ਦੀ ਸਰਪ੍ਰਸਤੀ ਕਰ ਰਹੀ ਹੈ। ਮਜੀਠੀਆ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਥਾਪਨਾ ਦੇ ਮਨੋਰਥ ਨੂੰ ਇਕ ਸਵਾਰਥੀ ਫ਼ਿਰਕੇ ਵੱਲੋਂ ਗਲਤ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਵਾਰਥੀ ਧਿਰਾਂ ਇਸ ਸੰਸਥਾ ਦੀ ਸਥਾਪਨਾ ਤੋਂ ਡਰ ਕੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਇਸ ਸਨਮਾਨਿਤ ਅਤੇ ਅਗਾਂਹਵਧੂ ਸਿੱਖ ਸੰਸਥਾ ’ਤੇ ਹਮਲਾ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਖਾਲਸਾ ਕਾਲਜ ਸੁਸਾਇਟੀ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ। ਇਸ ਦੀ ਕਾਰਵਾਈ ਸੰਨ 1892 ’ਚ ਬਣੇ ਸੰਵਿਧਾਨ ਅਨੁਸਾਰ ਚਲ ਰਹੀ ਹੈ। ਸੋਸਾਇਟੀ ਦੀਆਂ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਹਨ ਅਤੇ ਚੁਣੇ ਹੋਏ 101 ਮੈਂਬਰਾਂ ’ਚੋਂ 28 ਮੈਂਬਰੀ ਪ੍ਰਬੰਧਨ ਕਮੇਟੀ ਹੁੰਦੀ ਹੈ ਅਤੇ ਇਸਦੇ ਮੈਂਬਰ ਫੈਸਲਾ ਲੈਂਦੇ ਹਨ ਕਿ ਉਨ੍ਹਾਂ ਦੀ ਅਗਵਾਈ ਕੌਣ ਕਰੇਗਾ? ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ’ਚ ਕਿਸੇ ਵੀ ਪਰਿਵਾਰ ਦੇ ਕੁਝ ਮੈਂਬਰ ਸੋਸਾਇਟੀ ਨੂੰ ਘੇਰ ਲੈਂਦੇ ਹਨ ਜਾਂ ਇਕ ਇੰਚ ਜ਼ਮੀਨ ਵੀ ਵੇਚ ਸਕਦੇ ਹਨ।ਮਜੀਠੀਆ ਨੇ ਕਿਹਾ ਕਿ ਦੇਸ਼ ਅਤੇ ਸੂਬੇ ’ਚ ਯੂਨੀਵਰਸਿਟੀਆਂ ਦੇ ਵਿਸਥਾਰ ਦੀ ਲੋੜ ਹੈ। ਇਸ ਲਈ ਸੁਸਾਇਟੀ ਨੇ ਮਹਿਸੂਸ ਕੀਤਾ ਕਿ ਰਵਾਇਤੀ ਕੋਰਸਾਂ ਦਾ ਅਧਿਐਨ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਸਮਾਜ ਨੂੰ ਨੌਕਰੀ ਸਬੰਧੀ ਮੁਹਾਰਤ ਵਾਲੇ ਪੇਸ਼ੇਵਰ ਕੋਰਸ ਸ਼ੁਰੂ ਕਰਨ ਦੀ ਲੋੜ ਨੂੰ ਅਹਿਸਾਸ ਹੋਇਆ ਅਤੇ ਇਹ ਲਾਅ, ਫ਼ਾਰਮੇਸੀ, ਨਰਸਿੰਗ, ਵੈਟਰਨਰੀ ਸਾਇੰਸ ਅਤੇ ਇਕ ਹਸਪਤਾਲ ਦੇ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇਹ ਸਾਰੇ ਕਾਲਜ ਇਕ ਆਕਸਫੋਰਡ ਪੈਟਰਨ ’ਤੇ ਸਥਾਪਿਤ ਕੀਤੇ ਗਏ ਸਨ ਜਿਸ ’ਚ ਇਕ ਸੁਨਿਸ਼ਚਿਤ ਕਾਲਜ ਸਨ ਜਿਨ੍ਹਾਂ ਦੇ ਕੋਲ ਇਕ ਯੂਨੀਵਰਸਿਟੀ ਦੀ ਨਿਗਰਾਨੀ ਸੀ। ਅੰਤਰਰਾਸ਼ਟਰੀ ਸਬੰਧਾਂ ਨੂੰ ਸ਼ੁਰੂ ਕਰਨਾ ਅਤੇ ਅੰਤਰਰਾਸ਼ਟਰੀ ਮਾਹਿਰਾਂ ਅਤੇ ਉਦਯੋਗਾਂ ਦੀ ਸਲਾਹ ਅਨੁਸਾਰ ਸਿਲੇਬੀ ਨੂੰ ਜੋੜਨਾ ਸੀ।ਵਿਰਾਸਤੀ ਖਾਲਸਾ ਕਾਲਜ ਦੀ ਇਮਾਰਤ ਅਤੇ ਇਸ ਦੇ ਆਲੇ ਦੁਆਲੇ ਦੀ 35 ਏਕੜ ਜ਼ਮੀਨ ਨੂੰ ਛੱਡ ਦਿੱਤਾ ਗਿਆ ਅਤੇ ਇਹ ਨਵੇਂ ਸੰਸਥਾਨ ਸੋਸਾਇਟੀ ਦੁਆਰਾ ਖਰੀਦੀ ਹੋਰ ਜ਼ਮੀਨ ’ਤੇ ਆਉਣਾ ਸ਼ੁਰੂ ਹੋਇਆ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੋਸਾਇਟੀ ਦੀਆਂ ਪ੍ਰਾਪਤੀਆਂ ਦਾ ਸਬੰਧ ਹੈ, ਜਦੋਂ ਉਹ 2004 ’ਚ ਪ੍ਰਧਾਨ ਬਣੇ ਤਾਂ ਸੁਸਾਇਟੀ ਦੇ ਕੋਲ ਸਿਰਫ਼ 7 ਸੰਸਥਾਵਾਂ ਸਨ, ਜੋ ਕਿ ਵੱਧ ਕੇ ਅੱਜ 19 ਸੰਸਥਾਵਾਂ ਹੋ ਗਈਆਂ ਹਨ।ਸੰਸਥਾਵਾਂ ’ਚ ਵਿਦਿਆਰਥੀਆਂ ਦੀ ਗਿਣਤੀ 9 ਹਜ਼ਾਰ ਸੀ ਜੋ ਵੱਧ ਕੇ 30 ਹਜ਼ਾਰ ਹੋ ਗਈ। ਇਹ ਸਾਰੀਆਂ ਸੰਸਥਾਵਾਂ ਉਸੇ ਸੋਸਾਇਟੀ ਦੇ ਨਾਂਅ ’ਤੇ ਹਨ, ਜੋ ਖਾਲਸਾ ਕਾਲਜ ਦੀ ਮਾਲਕ ਹਨ। ਖ਼ਾਲਸਾ ਕਾਲਜ ਨੇ ਖੂਬ ਤਰੱਕੀਆਂ ਕੀਤੀਆਂ ਅਤੇ ਇਹ ਨੈਕ ਦੁਆਰਾ ਏ ਗ੍ਰੇਡ ਪ੍ਰਾਪਤ ਕਾਲਜ ਇਕ ਖੁਦਮੁਖਤਿਆਰ ਸੰਸਥਾ ਹੈ। ਇਸ ਕਾਲਜ ’ਚ ਲੜਕੀਆਂ ਦੀ ਸਿੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ ਤੇ ਇਸ ਸਮੇਂ ਕਾਲਜ ’ਚ 70 ਪ੍ਰਤੀਸ਼ਤ ਲੜਕੀਆਂ ਪੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਖਾਲਸਾ ਕਾਲਜ ਨਾਲ ਸਬੰਧਿਤ ਹੈ ਅਤੇ ਸਮੇਂ ਦੇ ਪ੍ਰਸਿੱਧ ਸਿੱਖ ਪਰਿਵਾਰ ਵੀ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰਾ ਸਿੰਘ ਦਾ ਨਾਂ ਕਾਲਜ ਦੇ ਚਾਂਸਲਰ ਵਜੋਂ ਪੇਸ਼ ਕੀਤਾ ਅਤੇ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦਾ ਚਾਂਸਲਰ ਵਜੋਂ ਨਾਮ ਦਾ ਪ੍ਰਸਤਾਵ ਕੀਤਾ।
ਉਨ੍ਹਾਂ ਕਿਹਾ ਕਿ ਸਿੱਖਿਆ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਲਈ ਜਨੂੰਨ ਰਹੀ ਹੈ, ਜਿਸਦਾ ਸਬੂਤ ਪਟਿਆਲਾ ਦੇ 2 ਹੋਰ ਖਾਲਸਾ ਕਾਲਜ ਸਥਾਪਿਤ ਕਰਨਾ ਜੋ ਕਿ ਬਾਅਦ ’ਚ ਐਸ.ਜੀ.ਪੀ.ਸੀ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਗੋਰਖਪੁਰ ਦੇ 3 ਕਾਲਜ ਸਥਾਪਤ ਕੀਤੇ ਹਨ। ਜਿਨ੍ਹਾਂ ’ਚੋਂ ਇਕ ਇੰਜੀਨੀਅਰਿੰਗ ਕਾਲਜ ਵੀ ਸੀ। ਦੇਸ਼ ਨੂੰ ਵਿੱਦਿਅਕ ਸੰਸਥਾਵਾਂ ਦੀ ਸਖ਼ਤ ਜ਼ਰੂਰਤ ਹੈ। ਕਿਉਂਕਿ ਯੂਜੀਸੀ ਅਨੁਸਾਰ 2024 ਤੱਕ 1200 ਹੋਰ ਯੂਨੀਵਰਸਿਟੀਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਕ ਸ਼ਹਿਰ ਇਕ ਤੋਂ ਵਧੇਰੇ ਯੂਨੀਵਰਸਿਟੀਆਂ ਹੁੰਦੀਆਂ ਹਨ ਜਿਵੇਂ ਕਿ ਜਲੰਧਰ ’ਚ ਇਸ ਵੇਲੇ 4 ਯੂਨੀਵਰਸਿਟੀਆਂ, ਦਿੱਲੀ ’ਚ 13, ਹੈਦਰਾਬਾਦ ’ਚ 8 ਅਤੇ ਚੰਡੀਗੜ੍ਹ ’ਚ 4 ਯੂਨੀਵਰਸਿਟੀਆਂ ਹਨ। ਮਾਝੇ ਖੇਤਰ ’ਚ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਨਾਲ ਬੇਹੱਦ ਲਾਭਦਾਇਕ ਹੋਵੇਗਾ, ਕਿਉਂਕਿ ਸੰਸਾਰ ਭਰ ਵਿੱਚ ਸਭ ਤੋਂ ਵਧੀਆ ਵਿੱਦਿਆ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂਂ ਸਰਕਾਰੀ ਨਹੀਂ ਸਗੋਂ ਗੈਰ-ਸਰਕਾਰੀ ਸੰਸਥਾਵਾਂ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media