ਮਾਨਵੀ ਰਿਸ਼ਤਿਆਂ ਦੇ ਕੌੜੇ ਸੱਚ ਨੂੰ ਬਿਆਨਦੀ ਹੈ ਕਹਾਣੀ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) –
ਕਹਾਣੀ ਮੰਚ ਅੰਮ੍ਰਿਤਸਰ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ‘ਸ਼ਬਦ, ਸੁਰ, ਸੰਵਾਦ’ ਪ੍ਰੋਗਰਾਮ ਦੇ ਤਹਿਤ ਸਾਹਿਤਕ ਇਕੱਤਰਤਾ ਕਰਵਾਈ ਗਈ।ਸਥਾਨਕ ਵਿਰਸਾ ਵਿਹਾਰ ’ਚ ਹੋਈ ਇਸ ਅਦਬੀ ਮਹਿਫਲ ’ਚ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਆਪਣੀ ਨਵੀਂ ਕਹਾਣੀ `ਪਰਿਕਰਮਾ` ਪੜ੍ਹ ਕੇ ਸੁਣਾਈ।ਜਿਸ ਉਪਰ ਸੰਖੇਪ ’ਚ ਹੋਈ ਵਿਚਾਰ ਚਰਚਾ ’ਚ ਹਿੱਸਾ ਲੈਂਦਿਆਂ ਡਾ. ਪਰਮਿੰਦਰ ਸਿੰਘ ਨੇ ਕਹਾਣੀ ਦੀਆਂ ਕਈ ਪਰਤਾਂ ਫਰੋਲਦਿਆਂ ਕਿਹਾ ਕਿ ਕਹਾਣੀ ਪਰਿਕਰਮਾਮਨੁੱਖੀ ਰਿਸ਼ਤਿਆਂ ਦੇ ਧੁਰ ਅੰਦਰਲੇ ਯੁੱਧਾਂ ਨੂੰ ਬਾਖੂਬੀ ਬਿਆਨਦੀ ਹੈ।ਪ੍ਰੋ: ਹੀਰਾ ਸਿੰਘ ਨੇ ਬਹਿਸ ਨੂੰ ਅੱਗੇ ਤੋਰਦਿਆਂ ਕਿਹਾ ਕਿ ਅਜੋਕੇ ਸਮਾਜ ਅੰਦਰਲੀ ਸਮਝੌਤਾਵਾਦੀ ਪ੍ਰਵਿਰਤੀ ਨੂੰ ਕਹਾਣੀ ’ਚ ਖੂਬਸੂਰਤੀ ਨਾਲ ਬਿਆਨ ਕੀਤਾ ਹੈ।ਨਾਟਕਕਾਰ ਜਗਦੀਸ਼ ਸਚਦੇਵਾ ਨੇ ਕਿਹਾ ਕਿ ਕਹਾਣੀ ਦੀਆਂ ਘਟਨਾਵਾਂ ਨੂੰ ਇੰਨੀ ਬਰੀਕਬਾਨੀ ਨਾਲ ਪੇਸ਼ ਕੀਤਾ ਗਿਆ ਹੈ ਕਿ ਪਾਤਰ ਸਾਹ ਲੈਂਦੇ ਮਹਿਸੂਸ ਹੁੰਦੇ ਹਨ।ਪ੍ਰੋ: ਮੋਹਨ ਸਿੰਘ ਅਤੇ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਦੀਪ ਦੇਵਿੰਦਰ ਕੋਲ ਕਹਾਣੀ ਕਹਿਣ ਦਾ ਹੁਨਰ ਬਾ-ਕਮਾਲ ਹੈ। ਮੈਡਮ ਅਰਤਿੰਦਰ ਸੰਧੂ ਤੇ ਜਸਬੀਰ ਕੌਰ ਨੇ ਕਿਹਾ ਕਿ ਕਹਾਣੀ ’ਚ ਪੇਸ਼ ਰਿਸ਼ਤਿਆਂ ਦੀ ਕਸੀਦਾਕਾਰੀ ਹੀ ਕਹਾਣੀ ਦਾ ਹਾਸਲ ਹੈ।ਗੁਰਬਾਜ਼ ਤੋਲਾਨੰਗਲ ਅਤੇ ਨਿਰਮਲ ਅਰਪਨ ਨੇ ਦੱਸਿਆ ਕਿ ਸਰਲ ਅਤੇ ਸਪੱਸ਼ਟ ਭਾਸ਼ਾ ਸ਼ੈਲੀ ਕਰਕੇ ਕਹਾਣੀ ਪਾਠਕ ਨੂੰ ਹਲੂਣਦੀ ਹੈ।ਡਾ. ਹਜ਼ਾਰਾ ਸਿੰਘ ਚੀਮਾ, ਮਨਮੋਹਨ ਢਿੱਲੋਂ ਅਤੇ ਹਰਭਜਨ ਖੇਮਕਰਨੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਹਾਣੀ ਅੰਦਰਲੇ ਕਥਾਰਸ ਨਾਲ ਪਾਠਕ ਅੰਤ ਤੀਕ ਕਹਾਣੀ ਨਾਲ ਜੁੜਿਆ ਰਹਿੰਦਾ ਹੈ। ਸੁਮੀਤ ਸਿੰਘ ਅਤੇ ਹਰਜੀਤ ਸੰਧੂ ਨੇ ਸਭ ਦਾ ਧੰਨਵਾਦ ਕੀਤਾ।ਜਦਕਿ ਧਰਵਿੰਦਰ ਔਲਖ ਨੇ ਮੰਚ ਸੰਚਾਲਣ ਦੀ ਭੂਮਿਕਾ ਨਿਭਾਈ। ਇਸ ਸਮੇਂ ਜਗਤਾਰ ਗਿੱਲ, ਹਰੀ ਸਿੰਘ ਗਰੀਬ, ਡਾ. ਮੋਹਨ, ਡਾ. ਕਸ਼ਮੀਰ ਸਿੰਘ, ਜਸਬੀਰ ਸਿੰਘ ਸੱਗੂ ਆਦਿ ਤੋਂ ਇਲਾਵਾ ਲੇਖਕ ਮਿੱਤਰ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media