Sunday, April 5, 2026

ਦਿੱਲੀ ਕਮੇਟੀ ਵਫਦ ਨੇ ਗੁ. ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਕਾਨੂੰਨੀ ਨੁਕਤਿਆਂ ਦੀ ਕੀਤੀ ਪੜਤਾਲ

ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN2104201707ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਸੰਘਰਸ਼ ਕਰ ਰਹੀਆਂ ਸੰਗਤਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਰਿਸ਼ੀਕੇਸ਼ ਵਿਖੇ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ ’ਤੇ ਤਥਾਂ ਦੀ ਜਾਣਕਾਰੀ ਲੈਣ ਗਏ ਵਫਦ ਦੀ ਅਗਵਾਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕੀਤੀ। ਵਫਦ ’ਚ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਲੇਖਕ ਹਰਭਜਨ ਸਿੰਘ ਤੇ ਨੌਜਵਾਨ ਆਗੂ ਭੂਪਿੰਦਰ ਪਾਲ ਸਿੰਘ ਅਤੇ ਡਾ. ਪੁੰਨਪ੍ਰੀਤ ਸਿੰਘ ਮੌਜੂਦ ਸਨ।
ਵਫਦ ਨੇ ਸੰਘਰਸ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਕਾਨੂੰਨੀ ਅਤੇ ਸਾਮਾਜਿਕ ਸਰੋਕਾਰਾਂ ਨੂੰ ਸਮਝਣ ’ਤੇ ਜੋਰ ਦਿੱਤਾ।ਦਰਅਸਲ ਹਰਿ ਕੀ ਪੌੜੀ ਵਾਲੀ ਥਾਂ ’ਤੇ ਗੁਰੂ ਨਾਨਕ ਸਾਹਿਬ ਨੇ ਪਾਡਿਆਂ ਵੱਲੋਂ ਸੂਰਜ ਨੂੰ ਜਲ ਚੜਾਉਣ ਦੀ ਚਲਾਈ ਜਾਂਦੀ ਪਿਰਤ ਦਾ ਖੰਡਨ ਕੀਤਾ ਸੀ।ਇਸ ਇਤਿਹਾਸਿਕ ਪਲ ਦੀ ਗਵਾਹੀ ਭਰਦਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੰਨ 1979 ਤਕ ਲੰਢੋਰਾ ਹਾਊਸ ’ਚ ਲੀਜ਼ ਤੇ ਲਈ ਗਈ ਲਗਭਗ 200 ਵਰਗ ਫੁੱਟ ਦੀ ਥਾਂ ’ਤੇ ਸਥਾਪਤ ਸੀ। ਜਿਥੇ ਅੱਜਕਲ ਭਾਰਤ ਸਕਾਉਟ ਅਤੇ ਗਾਈਡ ਦਾ ਦਫ਼ਤਰ ਹੈ। 1979 ਵਿਚ ਕੁੰਭ ਦੇ ਮੇਲੇ ਦੌਰਾਨ ਕੁਝ ਸ਼ਰਧਾਲੂਆਂ ਦੀ ਹੋਈ ਮੌਤ ਉਪਰੰਤ ਪ੍ਰਸ਼ਾਸਨ ਨੇ ਵਿਕਾਸ ਮੁਹਿੰਮ ਤਹਿਤ ਗੁਰਦੁਆਰਾ ਸਾਹਿਬ ਨੂੰ ਮਲਿਆਮੇਟ ਕਰ ਦਿੱਤਾ ਸੀ।
ਸੰਘਰਸ ਕਮੇਟੀ ਦੇ ਆਗੂਆਂ ਨੇ ਵਫਦ ਨੂੰ ਜਾਣਕਾਰੀ ਦਿੱਤੀ ਕਿ 2001 ’ਚ ਹਰਿਦੁਆਰ ਦੀਆਂ ਸੰਗਤਾਂ ਵੱਲੋਂ ਕੌਮੀ ਘਟਗਿਣਤੀ ਕਮਿਸ਼ਨ ’ਚ ਗੁਰਦੁਆਰਾ ਸਾਹਿਬ ਨੂੰ ਥਾਂ ਦੇਣ ਸੰਬੰਧੀ ਪ੍ਰਸ਼ਾਸਨ ਦੇ ਢਿੱਲੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ ਗਈ ਸੀ।ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਦੀ ਅਗਵਾਹੀ ਹੇਠ ਉਸ ਵੇਲੇ ਚਲਦੇ ਕਮਿਸ਼ਨ ਨੇ ਹਰਿਦੁਆਰ ਦੇ ਡੀ.ਐਮ ਨੂੰ ਹਰਿ ਕੀ ਪੌੜੀ ਤੇ ਗੁਰੂ ਸਾਹਿਬ ਦੇ ਆਗਮਨ ਦੀ ਜਾਣਕਾਰੀ ਦੇਣ ਵਾਲੇ ਬੋਰਡ ਦੇ ਨਾਲ ਹੀ ਨਿਸ਼ਾਨ ਸਾਹਿਬ ਲਗਾਉਣ ਦਾ ਆਦੇਸ਼ ਦਿੰਦੇ ਹੋਏ ਗੁਰਦੁਆਰਾ ਸਾਹਿਬ ਲਈ ਪ੍ਰੇਮ ਨਗਰ ਆਸ਼ਰਮ ਨੇੜੇ ਲਗਭਗ 50 ਹਜਾਰ ਵਰਗ ਫੀਟ ਥਾਂ ਦੇਣ ਦੀ ਹਿਦਾਇਤ ਦਿੱਤੀ ਸੀ।ਪਰ ਲੰਬੀ ਕਾਨੂੰਨੀ ਲੜਾਈ ਤੋਂ ਬਾਵਜੂਦ ਮਸਲਾ ਅੱਜ ਤਕ ਸਿਰੇ ਨਹੀਂ ਚੜ ਸਕਿਆ ਹੈ।
ਕੁਲਮੋਹਨ ਸਿੰਘ ਨੇ ਹਰ ਹਾਲਾਤ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਦਾ ਸੰਗਤ ਨੂੰ ਭਰੋਸਾ ਦਿੰਦੇ ਹੋਏ ਕਮੇਟੀ ਵੱਲੋਂ ਕਾਨੂੰਨੀ ਅਤੇ ਧਾਰਮਿਕ ਮੋਰਚਾ ਖੋਲਣ ਦਾ ਵੀ ਐਲਾਨ ਕੀਤਾ।ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਹਰਿ ਕੀ ਪੌੜੀ ’ਤੇ ਗਿਆਨ ਦਾ ਪ੍ਰਕਾਸ਼ ਕਰਦੇ ਹੋਏ ਜਿਸ ਤਰੀਕੇ ਨਾਲ ਅਗਿਆਨਤਾ ਦਾ ਹਨ੍ਹੇਰਾ ਮਿਟਾਇਆ ਸੀ ਉਸ ਸਿਧਾਂਤ ਦੀ ਰਾਖੀ ਕਰਨਾ ਸਾਡਾ ਮੁੱਢਲਾ ਫਰਜ਼ ਹੈ।ਇਸ ਸੰਬੰਧੀ ਤਥਾਂ ਦੀ ਸਾਰੀ ਜਾਣਕਾਰੀ ਕਮੇਟੀ ਪ੍ਰਧਾਨ ਨੂੰ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਮਸਲੇ ’ਤੇ ਵੱਡਾ ਆਂਦੋਲਨ ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕਰਨ ਦਾ ਇਸ਼ਾਰਾ ਕੀਤਾ।ਉਤਰਾਖੰਡ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਸਣੇ ਹਰਿਦੁਆਰ ਦੇ ਸਮੂਹ ਪਤਵੰਤੇ ਸਿੱਖ ਇਸ ਮੌਕੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply