Sunday, July 5, 2026

ਰਾਸ਼ਟਰੀ ਰਿਕਾਰਡ ਹੋਲਡਰ ਲਵਦੀਪ ਸਿੰਘ ਦਾ ਹੋਇਆ ਸਵਾਗਤ

PPN2504201726
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਭਲਾ ਪਿੰਡ ਦੇ ਨੌਜਵਾਨ ਪਹਿਲਵਾਨ ਲਵਦੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਜੰਮੂ ਵਿਖੇ ਹੋਈ ਨੈਸ਼ਨਲ ਕਲਾਸਿਕ ਪਾਵਰ ਲਿਫਟਿੰਗ ਦੀ 120 ਕਿਲੋਗ੍ਰਾਮ ਭਾਰ ਵਰਗ ਦੀ ਓਪਨ ਪ੍ਰਤੀਯੋਗਤਾ ਦੇ ਦੌਰਾਨ ਆਲ ਟਾਈਮ ਨੈਸ਼ਨਲ ਰਿਕਾਰਡ ਕਾਇਮ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਹੁਣ ਉਹ ਵਿਸ਼ਵ ਯੂਨੀਵਰਸਿਟੀ ਪ੍ਰਤੀਯੋਗਤਾ ਦੇ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏਗਾ। ਜ਼ਿਕਰਯੋਗ ਹੈ ਕਿ ਪਿਤਾ ਅਜੀਤ ਸਿੰਘ ਮਾਤਾ ਹਰਦੀਪ ਕੌਰ ਦੇ ਇਸ ਦੁਲਾਰੇ ਦਾ ਇੱਥੇ ਪੁੱਜਣ ਤੇ ਸਾਂਈ ਆਰ.ਸੀ. ਚੰਡੀਗੜ੍ਹ ਦੇ ਫੁੱਟਬਾਲ ਕੋਚ, ਸਾਂਈ ਐਸ.ਟੀ.ਸੀ. ਮਸਤੂਵਾਣਾ ਦੇ ਇੰਚਾਰਜ ਮਨਜੀਤ ਸਿੰਘ ਤੇ ਸਾਂਈ ਹੈਂਡਬਾਲ ਕੋਚ ਬਲਦੀਪ ਸਿੰਘ ਸੋਹੀ ਆਦਿ ਦੇ ਵੱਲੋਂ ਚੈਂਪੀਅਨ ਲਵਦੀਪ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਵਾਨ ਲਵਦੀਪ ਸਿੰਘ ਨੇ ਬੜੀ ਹਲਕੀ ਉਮਰੇ ਇੰਨੀ੍ਹ ਵੱਡੀ ਪ੍ਰਾਪਤੀ ਕਰਕੇ ਪੰਜਾਬ ਦਾ ਨਾਮ ਰਾਸ਼ਟਰੀ ਖੇਡ ਖਾਕੇ ਤੇ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਵਦੀਪ ਸਿੰਘ 2014 ਦੇ ਦੌਰਾਨ ਰਸ਼ੀਆ ਦੇ ਸ਼ਹਿਰ ਮਾਸਕੋ ਵਿਖੇ ਹੋਈ ਜੂਨੀਅਰ ਵਰਲਡ ਕੱਪ (ਏ.ਡਬਲਯੂ.ਪੀ.ਸੀ) ਐਮਚਿਊਰ ਵਰਲਡ ਪਾਵਰ ਲਿਫਟਿੰਗ ਕਾਂਗਰਸ ਦੇ 120 ਕਿਲੋਗ੍ਰਾਮ ਦੇ ਭਾਰ ਵਰਗ ਦੇ ਵਿੱਚ ਗੋਲਡ ਮੈਡਲ ਹਾਂਸਲ ਕਰਨ ਦੇ ਨਾਲ-ਨਾਲ ਸੰਨ 2016 ਦਾ ਪੰਜਾਬ ਸਟੇਟ ਸਟਰੋਗਮੈਨ ਦਾ ਵੱਕਾਰੀ ਖਿਤਾਬ ਵੀ ਆਪਣੀ ਝੋਲੀ ਵਿੱਚ ਪਵਾਇਆ ਹੈ। ਇਸ ਮੌਕੇ ਉਸ ਦੇ ਮਾਤਾ-ਪਿਤਾ ਅਜੀਤ ਸਿੰਘ ਤੇ ਹਰਦੀਪ ਕੌਰ ਨੇ ਦੱਸਿਆ ਕਿ ਰਿਕਾਰਡ ਕਾਇਮ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਲਵਦੀਪ ਸਿੰਘ ਨੂੰ ਛੋਟੀ ਉਮਰੇ ਹੀ ਵੱਡੀਆਂ ਪੁਲਾਘਾਂ ਪੁੱਟਣ ਦਾ ਸ਼ੌਂਕ ਸੀ ਤੇ ਉਹ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾਂ ਪਹਿਲਵਾਨੀ ਤੇ ਪਾਵਰ ਲਿਫਟਿੰਗ ਖੇਡ-ਖੇਤਰ ਨਾਲ ਜੁੜਿਆ ਰਹਿੰਦਾ ਸੀ। ਜਿਸ ਦਾ ਨਤੀਜਾ ਰਾਸ਼ਟਰੀ ਰਿਕਾਰਡ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਦੇਸ਼ ਦੇ ਖੇਡ ਖੇਤਰ ਦੀ ਅਮਾਨਤ ਹੈ ਤੇ ਲਵਦੀਪ ਸਿੰਘ ਅਮਾਨਤ ਵਿੱਚ ਕਦੀ ਖਿਆਮਤ ਨਹੀਂ ਹੋਣ ਦੇਵੇਗਾ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਤੇ ਇਲਾਕਾ ਨਿਵਾਸੀਆਂ ਦਾ ਵਧਾਇਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ। ਇਸ ਮੌਕੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply