ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ‘ਖੁੱਲੇ ਪਖਾਨੇ ਵਿਚ ਮਲ ਤਿਆਗ ਨਾਲ ਜਿੱਥੇ ਕਈ ਤਰਾਂ ਦੀਆਂ ਬਿਮਾਰੀਆਂ, ਜਿਵੇਂ ਕਿ ਹੈਜਾ, ਮਲੇਰੀਆ, ਪੇਚਿਸ, ਪੇਟ ਦਰਦ ਆਦਿ ਫੈਲਦੀਆਂ ਹਨ, ਉਥੇ ਇਕ ਤੋਂ 5 ਸਾਲ ਤੱਕ ਦੇ ਬੱਚੇ ਦਾ 25 ਫੀਸਦੀ ਘੱਟ ਮਾਨਸਿਕ ਵਿਕਾਸ ਹੁੰਦਾ ਹੈ ਅਤੇ 2 ਇੰਚ ਤੱਕ ਕੱਦ ਘੱਟ ਹੋ ਜਾਂਦਾ ਹੈ। ਮਾਹਿਰਾਂ ਵੱਲੋਂ ਕੀਤੇ ਗਏ ਅਧਿਐਨ ਤੋਂ ਇਹ ਨਵੇਂ ਖੁਲਾਸੇ ਸਾਹਮਣੇ ਆਏ ਹਨ’ ਉਕਤ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਅਤੇ ਡਾਇਰੈਕਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਨਾਬ ਮੁੰਹਮਦ ਇਸ਼ਫਾਕ ਨਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਕੀਤਾ। ਉਨਾਂ ਦੱਸਿਆ ਕਿ ਪੋਲੀਓ ਦੀ ਨਾਮੁਾਰਦ ਬਿਮਾਰੀ ਨੂੰ ਇਕ ਵਾਰ ਸਿਹਤ ਵਿਭਾਗ ਨੇ ਖਤਮ ਕਰ ਦਿੱਤਾ ਸੀ, ਪਰ ਖੁੱਲੇ ਪਖਾਨੇ ਨਾਲ ਇਹ ਦੁਬਾਰਾ ਸੁਰਜੀਤ ਹੋ ਗਈ ਹੈ ਅਤੇ ਤਦ ਤੱਕ ਖਤਮ ਨਹੀਂ ਹੋ ਸਕਦੀ, ਜਦ ਤੱਕ ਅਸੀਂ ਖੁੱਲੇ ਪਖਾਨੇ ਤੋਂ 100 ਫੀਸਦੀ ਮੁੱਕਤੀ ਨਹੀਂ ਹੋ ਜਾਂਦੀ। ਜਨਾਬ ਇਸ਼ਫਾਕ ਨੇ ਦੱਸਿਆ ਕਿ ਸਰਕਾਰ ਵੱਲੋਂ 15 ਹਜ਼ਾਰ ਰੁਪਏ ਪ੍ਰਤੀ ਘਰ ਦੇ ਕੇ ਲੈਟਰੀਨਾਂ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਹਨ, ਜਿਸ ਵਿਚ ਫਤਿਹਗੜ੍ਹ ਸਾਹਿਬ ਜਿਲ੍ਹਾ ਸਭ ਤੋਂ ਵੱਧ ਕੰਮ ਕਰਕੇ ਪੰਜਾਬ ਵਿਚੋਂ ਇਕ ਨੰਬਰ ’ਤੇ ਹੈ ਅਤੇ ਅੰਮ੍ਰਿਤਸਰ ਜਿਲ੍ਹਾ ਸਭ ਤੋਂ ਪਿੱਛੇ ਹੈ। ਉਨਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਵਿਖੇ ਵੀ ਕੰਮ ਸ. ਸੰਘਾ ਦੇ ਡਿਪਟੀ ਕਮਿਸ਼ਨਰ ਹੁੰਦੇ ਹੋਇਆ ਸੀ ਅਤੇ ਹੁਣ ਇੰਨਾਂ ਦਾ ਤਬਾਦਲਾ ਅੰਮ੍ਰਿਤਸਰ ਹੋਣ ਨਾਲ ਵਿਭਾਗ ਨੂੰ ਆਸ ਬੱਝੀ ਹੈ ਕਿ ਇੱਥੇ ਵੀ ਖੁੱਲੇ ਪਖਾਨੇ ਤੋਂ ਮੁੱਕਤੀ ਮਿਲ ਜਾਵੇਗੀ।
ਡਾਇਰੈਕਟਰ ਨੇ ਦੱਸਿਆ ਕਿ ਖੁੱਲੇ ਵਿਚ ਪਖਾਨੇ ਦਾ ਅਸਰ ਬਹੁੱਤ ਘਾਤਕ ਹੈ, ਬਰ ਬਦਕਿਸਮਤੀ ਨਾਲ ਆਪਾਂ ਸਾਰਿਆਂ ਨੇ ਇਸ ਪਾਸੇ ਪਹਿਲਾਂ ਧਿਆਨ ਹੀ ਨਹੀਂ ਦਿੱਤਾ। ਉਨਾਂ ਦੱਸਿਆ ਕਿ ਅਜੇ ਵੀ ਸਾਡੀ ਸੋਚ ਬਦਲੀ ਨਹੀਂ ਅਤੇ ਕਈ ਘਰ ਸਰਕਾਰ ਵੱਲੋਂ ਬਣਾਈ ਲੈਟਰੀਨ ਦੀ ਵਰਤੋਂ ਸਟੋਰ, ਰਸੋਈ ਜਾਂ ਹੋਰ ਕੰਮਾਂ ਲਈ ਹੀ ਕਰ ਰਹੇ ਹਨ। ਉਨਾਂ ਦੱਸਿਆ ਕਿ ਅਜਿਹੇ ਕੇਸ ਅੰਮ੍ਰਿਤਸਰ ਦੀ ਸਰਹੱਦੀ ਬੈਲਟ ਵਿਚ ਬਹੁਤ ਹਨ, ਜੋ ਕਿ ਘਰ ਲੈਟਰੀਨ ਹੋਣ ਦੇ ਬਾਵਜੂਦ ਖੁੱਲੇ ਵਿਚ ਪਖਾਨਾ ਜਾਂਦੇ ਹਨ।
ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਲਈ ਬੁਲਾਏ ਗਏ ਐਸ. ਡੀ. ਐਮਜ਼, ਬੀ ਡੀ ਪੀ ਓ, ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਕੰਮ ਫਤਿਹਗੜ੍ਹ ਸਾਹਿਬ ਵਿਚ ਹੋ ਸਕਦਾ ਹੈ, ਉਹ ਅੰਮ੍ਰਿਤਸਰ ਵਿਚ ਕਿਉਂ ਨਹੀਂ? ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਲਈ ਪੂਰੀ ਇਮਾਨਦਾਰੀ, ਤਨਦੇਹੀ ਅਤੇ ਮਨਭੋਵਨਾ ਨਾ ਕੰਮ ਕਰਨ ਦੀ ਲੋੜ ਹੈ।ਉਨਾਂ ਦੱਸਿਆ ਕਿ ਪਿੰਡਾਂ ਦਾ ਸਰਵੈ ਹੋ ਚੁੱਕਾ ਹੈ, ਜਿੱਥੇ ਕਿ ਲੋੜਵੰਦਾਂ ਨੂੰ ਲੈਟਰੀਨ ਦੀ ਸਹੂਲਤ ਦਿੱਤੀ ਜਾਣੀ ਹੈ।ਉਨਾਂ ਸਪੱਸ਼ਟ ਕੀਤਾ ਕਿ ਇਹ ਕੰਮ ਕੋਈ ਠੇਕੇਦਾਰ ਜਾਂ ਵਿਚੋਲਾ ਨਹੀਂ ਕਰੇਗਾ, ਬਲਿਕ ਘਰ ਦਾ ਮਾਲਕ ਆਪ ਬਣਾਏਗਾ ਅਤੇ ਉਸ ਦੇ ਖਾਤੇ ਵਿਚ 15 ਹਜ਼ਾਰ ਰੁਪਏ ਸਰਕਾਰ ਵੱਲੋਂ ਭੇਜੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ੋਰ ਦਿੱਤਾ ਕਿ ਸਾਰੇ ਲੋੜਵੰਦਾਂ ਨੂੰ ਲੈਟਰੀਨ ਕਮ ਬਾਥਰੂਮ ਇਕੱਠੇ ਬਨਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨਾਂ ਹਦਾਇਤ ਕੀਤੀ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਜਿਲ੍ਹੇ ਨੂੰ ਖੁੱਲੇ ਪਖਾਨੇ ਤੋਂ ਹਰ ਹਾਲਤ ਮੁੱਕਤ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਏ ਜਾਣ।ਉਨਾਂ ਇਸ ਲਈ ਪੰਚਾਇਤਾਂ, ਪ੍ਰੈਸ, ਆਮ ਲੋਕਾਂ ਅਤੇ ਮੋਹਤਬਰਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਮੈਡਮ ਪ੍ਰੀਤੀ ਯਾਦਵ ਆਈ ਏ ਐਸ, ਐਸ.ਡੀ.ਐਮ ਪਰਮਜੀਤ ਸਿੰਘ, ਐਸ.ਡੀ.ਐਮ ਅਨੂੰਪ੍ਰੀਤ ਕੌਰ, ਐਸ.ਡੀ.ਐਮ ਤੇਜਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਜੋਤ ਕੌਰ ਜੌਹਲ, ਐਕਸੀਅਨ ਸੈਨੀਟੇਸ਼ਨ ਯਾਦਵਿੰਦਰ ਸਿੰਘ ਢਿਲੋਂ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media