ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) –
ਸਮਾਜ ਵਿਚ ਫੈਲੇ ਵਹਿਮ ਭਰਮ, ਅੰਧ ਵਿਸ਼ਵਾਸ਼ਾਂ, ਪਾਖੰਡਾਂ, ਧਾਰਮਿਕ ਕੱਟੜਾਦ ਅਤੇ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਪਿਛਲੇ 33 ਸਾਲਾਂ ਤੋਂ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਅਕ ਅਦਾਰਿਆਂ ਵਿਚ ਤਰਕਸ਼ੀਲ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਅੰਮ੍ਰਿਤਸਰ ਇਕਾਈ ਦੇ ਯਤਨਾਂ ਸਦਕਾ ਤਰਕਸ਼ੀਲ ਸਾਹਿਤ ਵੈਨ ਆਤਮ ਪਬਲਿਕ ਸਕੂਲ ਇਸਲਾਮਾਬਦ ਵਿਖੇ ਪ੍ਰਦਰਸ਼ਿਤ ਕੀਤੀ ਗਈ।
ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਤਰਕਸ਼ੀਲ ਅਤੇ ਇਨਕਲਾਬੀ ਸਾਹਿਤ ਜਿਥੇ ਮਨੁੱਖ ਨੂੰ ਜ਼ਿੰਦਗੀ ਵਿਚ ਸਮੱਸਿਆਵਾਂ ਤੇ ਚੁਣੌਤੀਆਂ ਦਾ ਵਿਗਿਆਨਕ ਸੋਚ ਅਤੇ ਸਵੈ ਵਿਸ਼ਵਾਸ ਨਾਲ ਮੁਕਾਬਲਾ ਕਰਨ ਦੇ ਸਮਰਥ ਕਰਦਾ ਹੈ, ਉਥੇ ਹੀ ਲੋਕਪੱਖੀ ਸਮਾਜਿਕ ਤੇ ਸਭਿਆਚਾਰਕ ਤਬਦੀਲੀ ਲਿਆਉਣ ਵਿਚ ਵੀ ਜ਼ਿਕਰਯੋਗ ਭੂਮਿਕਾ ਨਿਭਾਅ ਰਿਹਾ ਹੈ।ਉਨ੍ਹਾਂ ਕਿਹਾ ਕਿ ਰੂਸ ਤੇ ਫਰਾਂਸ ਵਿਚ ਹੋਏ ਲੋਕਪੱਖੀ ਇਨਕਲਾਬਾਂ ਪਿਛੇ ਪ੍ਰਗਤੀਸ਼ੀਲ ਬੁੱਧੀਜੀਵੀਆਂ ਵਲੋਂ ਰਚੇ ਗਏ ਤਰਕਸ਼ੀਲ ਤੇ ਇਨਕਲਾਬੀ ਸਾਹਿਤ ਅਤੇ ਸੰਘਰਸ਼ਾਂ ਦਾ ਮੁੱਖ ਯੋਗਦਾਨ ਰਿਹਾ ਹੈ, ਜਿਸ ਦਾ ਵਿਦਿਆਰਥੀਆਂ ਨੂੰ ਅਧਿਐਨ ਕਰਨ ਦੀ ਲੋੜ ਹੈ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਉਘੇ ਸ਼ਾਇਰ ਸ੍ਰੀ ਦੇਵ ਦਰਦ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਕਾਦਮਿਕ ਪੜ੍ਹਾਈ ਕਰਨ ਦੇ ਨਾਲ ਨਾਲ ਤਰਕਸ਼ੀਲ ਸਾਹਿਤ ਅਤੇ ਤਰਕਸ਼ੀਲ ਦ੍ਰਿਸ਼ਟੀਕੋਣ ਨੂੰ ਵੀ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਵਲੋਂ ਤਰਕਸ਼ੀਲ ਸਾਹਿਤ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੇ ਸਮੂਹ ਵਰਗਾਂ ਵਿਚ ਤਰਕਸ਼ੀਲ ਸੋਚ ਪ੍ਰਫੁਲਿਤ ਕਰਨ ਅਤੇ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ, ਸਮਾਜਿਕ ਬੁਰਾਈਆਂ ਅਤੇ ਪਾਖੰਡੀ ਬਾਬਿਆਂ ਤੇ ਜੋਤਸ਼ੀਆਂ ਦੇ ਪਾਖੰਡ ਵਿਰੁੱਧ ਸੁਚੇਤ ਕਰਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਬੇਹਦ ਸ਼ਲਾਘਾਯੋਗ ਹੈ।
ਤਰਕਸ਼ੀਲ ਆਗੂਆਂ ਮੁਖਤਿਆਰ ਗੋਪਾਲਪੁਰਾ ਅਤੇ ਅਮਰਜੀਤ ਬਾਈ ਨੇ ਵਿਦਿਆਰਥੀਆਂ ਨੂੰ ਕਥਿਤ ਭੂਤਾਂ ਪ੍ਰੇਤਾਂ, ਭਟਕਦੀਆਂ ਆਤਮਾਵਾਂ, ਧਾਗੇ ਤਵੀਤਾਂ, ਜਾਦੂ ਟੂਣਿਆਂ, ਜੋਤਿਸ਼, ਅਗਲੇ ਪਿਛਲੇ ਜਨਮ ਅਤੇ ਸਵਰਗ ਨਰਕ ਦੇ ਅੰਧ ਵਿਸ਼ਵਾਸਾਂ ਵਿਚੋਂ ਬਾਹਰ ਨਿਕਲਣ ਲਈ ਤਰਕਸ਼ੀਲ ਸਾਹਿਤ ਨਾਲ ਜੁੜਣ ਦਾ ਸੱਦਾ ਦਿੱਤਾ।ਤਰਕਸ਼ੀਲ ਆਗੂਆਂ ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਵਿਦਿਆਰਥੀਆ ਵਲੋਂ ਅਖੌਤੀ ਚਮਤਕਾਰਾਂ ਸਬੰਧੀ ਪੁੱਛੇ ਗਏ ਕਈ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ।
ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਤਰਕਸ਼ੀਲ ਸਾਹਿਤ ਖਰੀਦਣ ਅਤੇ ਵਿਚਾਰ ਵਟਾਂਦਰਾ ਕਰਨ ਵਿਚ ਕਾਫੀ ਦਿਲਚਸਪੀ ਵਿਖਾਈ ਗਈ ਅਤੇ ਤਰਕਸ਼ੀਲ ਸਾਹਿਤ ਵੈਨ ਦੇ ਪ੍ਰਬੰਧਕ ਜਸਵੰਤ ਸਿੰਘ ਬੋਪਾਰਾਏ ਵਲੋਂ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਦੇ ਸਾਲਾਨਾ ਚੰਦੇ ਭਰੇ ਗਏ। ਇਸ ਮੌਕੇ ਪ੍ਰਿੰਸਪਲ ਮੇਡਮ ਟੀਨਾ ਸ਼ਰਮਾ ਵਾਇਸ ਪ੍ਰਿੰਸੀਪਲ ਸੁਭਾਸ਼ ਚੰਦਰ ਤੇ ਮਮਤਾ ਭਗਤ ਅਤੇ ਅਧਿਆਪਕ ਅਰਜਨ ਨੇ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਲਈ ਪ੍ਰੇਰਿਤ ਕੀਤਾ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media