ਨਵੀਂ ਦਿੱਲੀ, 23 ਮਈ (ਪੰਜਾਬ ਪੋਸਟ ਬਿਊਰੋ) –
ਹਰਿਦੁਆਰ ਵਿਖੇ ਪਾਠ ਕਰਨ ਉਪਰੰਤਕਥਿਤ ਭੜਕਾਊ ਨਾਰੇਬਾਜ਼ੀ ਕਰਨ ਦੇ ਦੋਸ਼ ਕਰਕੇ ਦੇਸ਼ ਧ੍ਰੋਹ ਦੇ ਕੇਸ ’ਚ ਨਾਮਜ਼ੱਦ ਹੋਏ ਭਾਈ ਜੋਗਾ ਸਿੰਘ ਨੂੰ ਜਮਾਨਤ ਮਿਲ ਗਈ ਹੈ।ਦਰਅਸਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤਹਿਤ 14 ਮਈ ਨੂੰ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਸੀ।ਇਸੇ ਕੜੀ ਦੌਰਾਨ ਹਰਿ ਕੀ ਪੌੜੀ, ਹਰਿਦੁਆਰ ਵਿਖੇ ਪਾਠ ਕਰਨ ਉਪਰੰਤ ਕਥਿਤ ਭੜਕਾਊ ਨਾਅਰੇਬਾਜ਼ੀ ਕਰਨ ਵਾਲੇ ਭਾਈ ਜੋਗਾ ਸਿੰਘ ਨੂੰ ਹਰਿਦੁਆਰ ਪੁਲਿਸ ਨੇ ਧਾਰਾ 153 ਬੀ ਤਹਿਤ ਦੋਸ਼ੀ ਮੰਨਦੇ ਹੋਏ ਐਫ.ਆਈ.ਆਰ ਨੰਬਰ 84/17 ਤਹਿਤ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਸੀ।
ਜਮਾਨਤ ਮਿਲਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਧੰਨਵਾਦ ਕਰਨ ਲਈ ਭਾਈ ਜੋਗਾ ਸਿੰਘ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੁੱਜੇ। ਜਿਥੇ ਜੀ.ਕੇ ਨੇ ਭਾਈ ਜੋਗਾ ਸਿੰਘ ਨੂੰ ਸ਼ਾਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਦਰਅਸਲ 16 ਮਈ ਨੂੰ ਜੀ.ਕੇ ਨੇ ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਦੇ ਨਾਲ ਮਿਲ ਕੇ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਈ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦੇ ਹੋਏ ਰਿਹਾਈ ਲਈ ਕਮੇਟੀ ਵੱਲੋਂ ਕਾਨੂੰਨੀ ਟੀਮ ਹਰਿਦੁਆਰ ਭੇਜਣ ਦੀ ਜਾਣਕਾਰੀ ਦਿੱਤੀ ਸੀ।ਜਿਸ ਕਰਕੇ ਦਿੱਲੀ ਕਮੇਟੀ ਵੱਲੋਂ ਭਾਈ ਜੋਗਾ ਸਿੰਘ ਦੇ ਹੱਕ ’ਚ ਚੁੱਕੀ ਗਈ ਆਵਾਜ਼ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਆਸਾਨ ਹੋ ਗਈ।
ਭਾਈ ਜੋਗਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਉਹ ਲੰਬੇ ਸਮੇਂ ਤੋਂ ਸਥਾਨਕ ਸਿੱਖਾਂ ਨੂੰ ਨਾਲ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਆਪਣੇ ਸੰਘਰਸ਼ ਕਾਲ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਵੀ ਮੁਹਿੰਮ ਨੂੰ ਸਮਰਥਨ ਦੇਣ ਲਈ ਕਈ ਵਾਰ ਬੇਨਤੀਆਂ ਕੀਤੀਆਂ ਸਨ, ਪਰ ਦੋਨੋਂ ਪ੍ਰਧਾਨਾਂ ਨੇ ਹਾਸੋਹੀਣੇ ਤਰਕਾਂ ਰਾਹੀਂ ਉਨਾਂ ਨੂੰ ਮੁਹਿੰਮ ਦੇ ਚੱਕਰ ’ਚ ਨਾ ਪੈਣ ਦੀ ਸਲਾਹ ਦਿੱਤੀ ਸੀ।ਮਗਰ ਦਿੱਲੀ ਕਮੇਟੀ ਵੱਲੋਂ ਮੁਹਿੰਮ ਦਾ ਬੀੜਾ ਚੁੱਕਣ ਉਪਰੰਤ ਹੁਣ ਮੁਹਿੰਮ ਵਿਸ਼ਵ ਪੱਧਰ ’ਤੇ ਸੰਗਤਾਂ ਦੀ ਆਸਥਾ ਤੇ ਵਿਸ਼ਵਾਸ ਦਾ ਪ੍ਰਤੀਕ ਬਣ ਗਈ ਹੈ।ਉਨ੍ਹਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਭਾਈ ਜੋਗਾ ਸਿੰਘ ਨੇ ਸ਼ਲਾਘਾ ਕੀਤੀ।
ਇਸ ਮੌਕੇ ਭਾਈ ਜੋਗਾ ਸਿੰਘ ਦੇ ਨਾਲ ਹਰਿਦੁਆਰ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਧਾਨ ਸੁਖਦੇਵ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਟਾਰੀਆਂ ਦੇ ਪ੍ਰਧਾਨ ਸਤਪਾਲ ਸਿੰਘ ਚੌਹਾਨ, ਜਵਾਲਾਪੁਰ ਗੁਰਦੁਆਰੇ ਦੇ ਪ੍ਰਧਾਨ ਅਨੂਪ ਸਿੰਘ ਸਣੇ ਕਈ ਸਾਥੀ ਮੌਜੂਦ ਸਨ।ਜਿਨ੍ਹਾਂ ਨੇ ਆਪਣੇ ਵੱਲੋਂ ਲਿਖਤੀ ਤੌਰ ’ਤੇ ਦਿੱਲੀ ਕਮੇਟੀ ਦੇ ਧੰਨਵਾਦ ਅਤੇ ਸਮਰਥਨ ’ਚ ਪੱਤਰ ਵੀ ਸੌਂਪੇ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਅਤੇ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਇਸ ਮੌਕੇ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media