ਪ੍ਰਪੱਕ ਰਾਗੀ ਅਤੇ ਨਿਪੁੰਨ ਕਥਾਵਾਚਕ ਤਿਆਰ ਕਰਨ ਲਈ ਹਰ ਸੰਭਵ ਯਤਨ ਕਰਾਂਗੇ- ਡਾ: ਉਬਰਾਏ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ)-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਥਾਨਕ ਰੇਲਵੇ ਕਲੋਨੀ ਬੀ-ਬਲਾਕ ਵਿਖੇ ਉਸਾਰੀ ਗਈ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਅਕਾਦਮੀ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।
ਇਹ ਇਮਾਰਤ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਅਤੇ ਨਾਮਵਰ ਸਮਾਜ ਸੇਵਕ ਡਾ: ਐਸ.ਪੀ ਸਿੰਘ ਉਬਰਾਏ ਵਲੋਂ ਨਿੱਜੀ ਦਿਲਚਸਪੀ ਲਏ ਜਾਣ ਉਪਰੰਤ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।ਟਰੱਸਟ ਵਲੋਂ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਅਕਾਦਮੀ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਕੀਰਤਨ ਦੀ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਹੁਣ ਪ੍ਰਪੱਕ ਕਥਾਵਾਚਕ ਅਤੇ ਗ੍ਰੰਥੀ ਸਿੰਘ ਤਿਆਰ ਕਰਨ ਲਈ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਆਪਣੇ ਸੰਬੋਧਨ ਦੌਰਾਨ ਪ੍ਰੋ: ਬਡੂੰਗਰ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐਸ.ਪੀ. ਸਿੰਘ ਉਬਰਾਏ ਵਲੋਂ ਦੇਸ਼ ਵਿਦੇਸ਼ ਵਿੱਚ ਸਿੱਖ ਪ੍ਰੰਪਰਾਵਾਂ, ਮਾਰਸ਼ਲ ਆਰਟ (ਗਤਕਾ), ਗੁਰਮਤਿ ਸੰਗੀਤ ਅਤੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਨਿਵੇਕਲੇ ਯਤਨਾਂ ਦੀ ਜੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ: ਉਬਰਾਏ ਵਲੋਂ ਦੁਨੀਆਂ ਭਰ ਵਿੱਚ ਸਮਾਜ ਸੇਵਾ ਦੇ ਮਿਸਾਲੀ ਮਿਆਰ ਕਾਇਮ ਕਰਨ ਨਾਲ ਨਾ ਸਿਰਫ ਟਰੱਸਟ ਸਗੋਂ ਸਮੁੱਚੇ ਸਿੱਖ ਜਗਤ ਦੇ ਮਾਣ ਵਿੱਚ ਵਾਧਾ ਹੋਇਆ ਹੈ।
ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਖੰਡ ਕੀਰਤਨੀ ਜਥੇ ਦੇ ਸਵ: ਮੁਖੀ ਗਿਆਨੀ ਬਲਦੇਵ ਸਿੰਘ ਵਲੋਂ ਨਿਭਾਈਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ੁਸੋਭਿਤ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ ਅਕਾਦਮੀ ਤੋਂ ਗੁਰਮਤਿ ਦਾ ਗਿਆਨ ਲੈਣ ਵਾਲੇ ਸਿਖਿਆਰਥੀਆਂ ਤੋਂ ਸ਼੍ਰੋਮਣੀ ਕਮੇਟੀ ਵਿੱਚ ਟੈਸਟ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਗੁਰਧਾਮਾਂ ਵਿੱਚ ਧਰਮ ਪ੍ਰਚਾਰ ਲਈ ਸੇਵਾ ਲੈਣਗੇ।
ਉਨ੍ਹਾਂ ਇਹ ਵੀ ਐਲਾਣ ਕੀਤਾ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਇਸ ਗੁਰਮਤਿ ਵਿਦਿਆਲੇ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।ਆਪਣੇ ਸੰਬੋਧਨ ਵਿੱਚ ਟਰੱਸਟ ਦੇ ਮੁਖੀ ਡਾ: ਐਸ.ਪੀ. ਸਿੰਘ ਉਬਰਾਏ ਨੇ ਕਿਹਾ ਕਿ ਅਖੰਠ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਸਵ: ਮੁਖੀ ਗਿਆਨੀ ਬਲਦੇਵ ਸਿੰਘ ਨਾਲ ਕੀਤੇ ਵਾਅਦੇ ਨੂੰ ਨਿਭਾਉਂਦਿਆਂ ਅੱਜ ਟਰੱਸਟ ਵਲੋਂ ਇਹ ਇਮਾਰਤ ਉਸਾਰ ਕੇ ਲੋੜਵੰਦ ਵਿਦਿਆਰਥੀਆਂ ਨੂੰ ਸਿੱਖੀ ਦੇ ਪ੍ਰਚਾਰ ਲਈ ਤਿਆਰ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਦਿਆਰਥੀਆਂ ਦੀ ਸਿੱਖਿਆ, ਰਿਹਾਇਸ਼ ਅਤੇ ਖਾਣਾ ਟਰੱਸਟ ਵਲੋਂ ਬਿਲਕੁੱਲ ਮੁਫਤ ਦਿੱਤਾ ਜਾ ਰਿਹਾ ਹੈ।
ਇਸ ਸਮਾਗਮ ਦੌਰਾਨ ਡਾ: ਦਲਜੀਤ ਸਿੰਘ ਸਾਬਕਾ ਡਾਇਰੈਕਟਰ ਦੂਰਦਰਸ਼ਨ, ਗਗਨਦੀਪ ਸਿੰਘ ਅਹੂਜਾ ਪਟਿਆਲਾ, ਤੀਰਥ ਸਿੰਘ ਢਿਲੋਂ, ਗਿਆਨੀ ਸੁਖਚੈਨ ਸਿੰਘ, ਟਰੱਸਟ ਦੇ ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਸੁਖਦੇਵ ਸਿੰਘ ਭੂਰਾ ਕੋਹਨਾ ਨਿੱਜੀ ਸਹਾਇਕ ਪ੍ਰਧਾਨ ਸ਼੍ਰੋਮਣੀ ਕਮੇਟੀ, ਐਡਵੋਕੇਟ ਅਮਰਬੀਰ ਸਿੰਘ ਸਿਆਲੀ, ਨਵਜੀਤ ਸਿੰਘ ਘਈ, ਤਰਮਿੰਦਰ ਸਿੰਘ, ਨਿਸ਼ਾਨ ਸਿੰਘ, ਸੇਵਾ ਸਿੰਘ, ਗੁਰਮੀਤ ਕੌਰ, ਨਵਜੀਤ ਕੌਰ, ਸਿਸ਼ਪਾਲ ਸਿੰਘ ਲਾਡੀ, ਹਰਜਿੰਦਰ ਸਿੰਘ ਮੁੱਧ, ਪਲਵਿੰਦਰ ਸਿੰਘ ਸਰਹਾਲਾ, ਸ਼ਿਵਦੇਵ ਸਿੰਘ ਬੱਲ, ਪਰਮਿੰਦਰ ਸਿੰਘ ਕੜਿਆਲ, ਤੇਜਇੰਦਰਪਾਲ ਸਿੰਘ ਮਾਨ ਆਦਿ ਵੀ ਹਾਜਰ ਸਨ।
Punjab Post Daily Online Newspaper & Print Media