ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਵੱਡੀ ਉਮਰ ਦੇ ਲੋਕਾਂ ਨੂੰ ਆਪਣੇ ਕੰਮਕਾਜ ਲਈ ਸਰਕਾਰੀ ਦਫਤਰਾਂ ਵਿਚ ਲੰਮਾ ਸਮਾਂ ਉਡੀਕ ਨਾ ਕਰਨੀ ਪਵੇ, ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਨੇ ਸਾਰੇ ਸਰਕਾਰੀ ਦਫਤਰ, ਜਿੰਨਾਂ ਦਾ ਆਮ ਜਨਤਾ ਨਾਲ ਵਾਹ ਪੈਂਦਾ ਹੈ, ਨੂੰ ਹਦਾਇਤ ਕੀਤੀ ਹੈ ਕਿ ਉਹ ਕੰਮ ਕਰਵਾਉਣ ਆਉਂਦੇ ਬਜ਼ੁਰਗਾਂ ਲਈ ਵੱਖਰੀ ਲਾਇਨ ਦਾ ਪ੍ਰਬੰਧ ਕਰਨ, ਤਾਂ ਜੋ ਉਨਾਂ ਨੂੰ ਬਹੁਤ ਸਮਾਂ ਉਡੀਕ ਨਾ ਕਰਨੀ ਪਵੇ।ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਨਾਲ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ 2007 ਤਹਿਤ ਬਜ਼ੁਰਗਾਂ ਨੂੰ ਮਿਲੇ ਅਧਿਕਾਰਾਂ ਦੀ ਸਮੀਖਿਆ ਕਰਦੇ ਸੰਘਾ ਨੇ ਸਰਕਾਰੀ ਹਸਪਤਾਲਾਂ ਵਿਚ ਬਜ਼ੁਰਗਾਂ ਦੇ ਇਲਾਜ ਲਈ ਬੈਡਾਂ ਦਾ ਵਾਧੂ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਉਨਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਉਨਾਂ ਦੀ ਦੇਖਭਾਲ ਕਰਨੀ ਜਿੱਥੇ ਔਲਾਦ ਦਾ ਇਖਲਾਕੀ ਫਰਜ਼ ਹੈ, ਉਥੇ ਕਾਨੂੰਨਨ ਵੀ ਉਹ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਪਾਬੰਦ ਹਨ। ਉਨਾਂ ਕਿਹਾ ਕਿ ਜਿਲ੍ਹੇ ਵਿਚ ਬਜ਼ੁੱਰਗਾਂ ਨੂੰ ਆਪਣੀ ਸਿਹਤ ਸੰਭਾਲ ਅਤੇ ਉਨਾਂ ਦੀ ਜਾਇਦਾਦ ਸਬੰਧੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣੀ ਚਾਹੀਦੀ।
ਘਰੇਲੂ ਨੌਕਰਾਂ ਸਬੰਧੀ ਲੋਕਾਂ ਵੱਲੋਂ ਪੁਲਿਸ ਕੋਲ ਜਾਣਕਾਰੀ ਦੇਣ ਵਿਚ ਕੀਤੀ ਜਾਂਦੀ ਕੁਤਾਹੀ ਨੂੰ ਗੰਭੀਰਤਾ ਨਾਲ ਲੈਂਦੇ ਸੰਘਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਸੁਰੱਖਿਆ ਦਾ ਮੁੱਦਾ ਹੈ ਕਿ ਅਸੀਂ ਘਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਦੇ ਪਿਛੋਕੜ ਬਾਰੇ ਜਾਣਦੇ ਹੋਈਏ। ਉਨਾਂ ਇਸ ਸਬੰਧੀ ਡੈਟਾ ਇਕੱਠਾ ਕਰਨ ਵਾਸਤੇ ਨਵਾਂ ਐਪ ਡਿਜਾਇਨ ਕਰਨ ਦੀ ਹਦਾਇਤ ਵੀ ਕੀਤੀ, ਤਾਂ ਜੋ ਲੋਕ ਘਰ ਬੈਠੇ ਇਹ ਜਾਣਕਾਰੀ ਪੁਲਿਸ ਨਾਲ ਸਾਂਝੀ ਕਰ ਸਕਣ।
ਉਨਾਂ ਪੁਲਿਸ ਵਿਭਾਗ ਨੂੰ ਹਦਾਇਤ ਵੀ ਕੀਤੀ ਕਿ ਉਹ ਸੀਨੀਅਰ ਸਿਟੀਜਨਾਂ ਵਿਰੁੱਧ ਹੋ ਰਹੇ ਜ਼ੁਰਮਾਂ ਦੀ ਮਹੀਨਾਵਾਰ ਰਿਪੋਰਟ ਭੇਜਣ ਅਤੇ ਥਾਣੇ ਪੱਧਰ ’ਤੇ ਹਰੇਕ ਅਧਿਕਾਰੀ ਨੂੰ ਇਹ ਹਦਾਇਤ ਵੀ ਕਰਨ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਬਜ਼ੁਰਗਾਂ ਨਾਲ ਹੁੰਦੇ ਧੱਕੇ ਦੀ ਨਿਰਪੱਖਤਾ ਨਾਲ ਜਾਂਚ ਕਰਨ।ਉਨਾਂ ਦੱਸਿਆ ਕਿ ਇਸ ਸਬੰਧੀ ਏ. ਡੀ.ਸੀ ਕ੍ਰਾਇਮ ਨੋਡਲ ਅਧਿਕਾਰੀ ਵਜੋਂ ਕੰਮ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਡੀ.ਸੀ.ਪੀ ਹੈਡਕੁਆਰਟਰ ਸਤਿੰਦਰ ਸਿੰਘ, ਡੀ.ਏ ਲੀਗਲ ਸ੍ਰੀ ਆਰ.ਕੇ ਸਲਵਾਨ, ਡਾ. ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media