ਮਾਮਲਾ ਹਵਾਲਗੀ ਦੇਣ ਵਾਲੇ 21 ਨੌਜਵਾਨਾਂ ਦੇ ਕਥਿਤ ਕਤਲ ਦਾ
ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) –
ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਆਤਮਕਥਾ ’ਚ 21 ਸਿੱਖ ਨੌਜਵਾਨਾਂ ਦੇ ਹਵਾਲਗੀ ਦੇਣ ਮਗਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਤਲ ਕਰਨ ਦੇ ਦਰਜ ਕੀਤੇ ਗਏ ਸਨਸਨੀਖੇਜ ਖੁਲਾਸੇ ਤੇ ਹੁਣ ਸਿਆਸਤ ਭੱਖ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿਘ ਸਿਰਸਾ ਨੇ ਅਮਰਿੰਦਰ ਸਿੰਘ ਦੇ ਹੱਥ ਬੇਗੁਨਾਹ ਸਿੱਖਾਂ ਦੇ ਕਤਲ ਨਾਲ ਰੰਗੇ ਹੋਣ ਦਾ ਦਾਅਵਾ ਕਰਦੇ ਹੋਏ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ਚ ਇਸ ਸਬੰਧੀ ਅਮਰਿੰਦਰ ਦੇ ਖਿਲਾਫ ਮੁਕਦਮਾ ਦਰਜ ਕਰਵਾਉਣ ਦਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ।ਦਰਅਸਲ ਆਪਣੀ ਆਤਮਕਥਾ ਦੀ ਘੁੰਡ ਚੁਕਾਈ ਤੋਂ ਬਾਅਦ 17 ਮਈ 2017 ਨੂੰ ਕੈਪਟਨ ਨੇ ਆਪਣੇ ਟਵਿਟਰ ਅਕਾਉਂਟ ਤੋਂ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ’ਤੇ ਉਨ੍ਹਾਂ ਨੂੰ ਹਵਾਲਗੀ ਮਾਮਲੇ ਵਿਚ ਧੋਖਾ ਦੇਣ ਦਾ ਦੋਸ਼ ਲਗਾਇਆ ਸੀ, ਕਿਉਂਕਿ ਉਕਤ 21 ਨੌਜਵਾਨਾਂ ਦੀ ਹਵਾਲਗੀ ਅਮਰਿੰਦਰ ਵੱਲੋਂ ਕਰਵਾਈ ਗਈ ਸੀ।
ਜੀ.ਕੇ ਨੇ ਕਿਹਾ ਕਿ ਅਮਰਿੰਦਰ ਨੇ ਬੇਸ਼ਕ ਕਬੂਲਨਾਮਾ ਕਰਕੇ ਆਪਣੇ ਜਮੀਰ ਤੋਂ ਤੇ ਭਾਰ ਉਤਾਰ ਲਿਆ ਹੈ ਪਰ ਕਿਸ ਪ੍ਰਕਾਰ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਤੇ ਇਨਸਾਫ ਦਿਵਾਉਣਗੇ, ਇਹ ਦੇਖਣਾ ਬਾਕੀ ਹੈ।ਜੀ.ਕੇ ਨੇ ਨਿਆਪਾਲਿਕਾ ਨੂੰ ਮੁੱਖ ਮੰਤਰੀ ਦੇ ਕਬੂਲਨਾਮੇ ਤੇ ਖੁਦ ਫੈਸਲਾ ਲੈ ਕੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਨਿਆਪਾਲਿਕਾ ਨੇ ਕਾਰਵਾਈ ਨਾ ਕੀਤੀ ਤਾਂ ਦਿੱਲੀ ਕਮੇਟੀ ਫਿਰ ਖੁਦ ਮੁਕਦਮਾ ਦਰਜ ਕਰਾਉਣ ਦੀ ਪਹਿਲ ਕਰੇਗੀ।
ਸਿਰਸਾ ਨੇ ਕਿਹਾ ਕਿ 25 ਸਾਲ ਤਕ ਮੌਨ ਰਹਿਣ ਵਾਲੇ ਅਮਰਿੰਦਰ ਦਾ ਹੁਣ ਬੋਲਣਾ ਉਨ੍ਹਾਂ ਦੇ ਗੁਨਾਹ ਨੂੰ ਘਟ ਨਹੀਂ ਕਰ ਸਕਦਾ ਕਿਉਂਕਿ 2002 ਤੋਂ 2007 ਤਕ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਇਸ ਦੇ ਨਾਲ ਹੀ ਬਤੌਰ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਦੇ ਤੌਰ ਤੇ ਸਾਰੇ ਸਦਨਾਂ ਵਿਚ ਇਸ ਮਸਲੇ ’ਤੇ ਉਨ੍ਹਾਂ ਦੀ ਚੁੱਪੀ ਹੈਰਾਨੀ ਭਰੀ ਰਹੀ ਹੈ।ਅਮਰਿੰਦਰ ਸਿੰਘ ਨੂੰ ਬਤੌਰ ਗਵਾਹ ਮਾਰੇ ਗਏ ਸਾਰੇ 21 ਨੌਜਵਾਨਾਂ ਦੇ ਨਾਂ ਅਤੇ ਘਟਨਾਂ ਦੇ ਸਾਲ ਨੂੰ ਜਨਤਕ ਕਰਨ ਦੀ ਸਿਰਸਾ ਨੇ ਅਪੀਲ ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਪੰਜਾਬ ਵਿਚ ਨਵਾਂ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media