ਮਹਿਤਾ, 30 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ’84 ਦੇ ਘਲੂਘਾਰੇ ਦੀ 33ਵੀਂ ਵਰ੍ਹੇਗੰਢ ਨੂੰ ਸਮਰਪਿਤ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ
ਹੈਡਕਵਾਟਰ ਮਹਿਤਾ ਚੌਕ ਵਿਖੇ 6 ਜੂਨ ਨੂੰ ਮਨਾਏ ਜਾ ਰਹੇ ਵਿਸ਼ਾਲ ਸ਼ਹੀਦੀ ਸਮਾਗਮ ਸੰਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਜਿਸ ਨੂੰ ਦੇਖਦਿਆਂ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਚੌਕ ਮਹਿਤਾ ਵਿਖੇ ਬੜੇ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਲਈ ਅੱਜ ਇੱਥੇ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸੰਤਾਂ ਮਹਾਂ ਪੁਰਸ਼ਾਂ, ਇਲਾਕੇ ਦੇ ਪੰਚਾਂ-ਸਰਪੰਚਾਂ,ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰਾਂ, ਦੇਸ਼ ਵਿਦੇਸ਼ ਵਿਚੋਂ ਆਏ ਆਗੂ ਸਿੰਘਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆ ਨੇ ਆਪਣੇ ਆਪ ਵਿਚਾਰ ਰੱਖੇ।ਅਖੀਰ ‘ਚ 6 ਜੂਨ ਮੌਕੇ ਕੀਤੇ ਜਾ ਰਹੇ ਸ਼ਹੀਦੀ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਗਤਾਂ ਦੇ ਰਹਿਣ ਸਹਿਣ, ਆਵਾਜਾਈ ਲਈ ਗੱਡੀਆ, ਸੰਗਤਾਂ ਲਈ ਲੰਗਰ, ਮਿੱਠੇ ਤੇ ਠੰਢੇ ਜਲ ਦੀਆਂ ਛਬੀਲਾਂ, ਹੋਰਡਿੰਗ ਬੋਰਡਾਂ, ਟ੍ਰੈਫਿਕ ਕੰਟਰੋਲ, ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਂਮਰਜੈਸ਼ੀ ਲਈ ਐਬੂਲੈਂਸਾਂ ਅਤੇ ਆਈਆਂ ਮੋਟਰ-ਗੱਡੀਆ ਦੀ ਪਾਰਕਿੰਗ ਆਦਿ ਦੀਆਂ ਸੇਵਾਵਾਂ ਸੌਂਪੀਆਂ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦੀ ਸਮਾਗਮ ਸਿੱਖ ਪੰਥ ਵਿਚ ਨਵੀ ਰੂਹ ਫੂਕਣ ਦਾ ਕਾਰਨ ਬਣੇਗਾ।ਉਹਨਾਂ ਕਿਹਾ ਕਿ ਪੰਥ ਨੂੰ ਦੇਸ਼ ਵਿਦੇਸ਼ ਵਿਚ ਕਈ ਚੁਨੌਤੀਆਂ ਦਰਪੇਸ਼ ਹਨ। ਜਿਸ ਦਾ ਹਲ ਸੰਗਤ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ’ਚ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾਂ ਤੇ ਹੋਰ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਕਰਾਏ ਜਾ ਰਹੇ 33ਵਾਂ ਵਿਸ਼ਾਲ ਸ਼ਹੀਦੀ ਸਮਾਗਮ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਉਹਨਾਂ ਦਸਿਆ ਕਿ, ਜਿਸ ਪ੍ਰਤੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।ਉਹਨਾਂ ਦਸਿਆ ਕਿ 4 ਅਤੇ 5 ਜੂਨ ਨੂੰ ਕੈਸਰ ਦੀ ਬਿਮਾਰੀ ਬਾਰੇ ਫਰੀ ਮੈਡੀਕਲ ਜਾਂਚ ਕੈਪ ਲਾਇਆ ਜਾ ਰਿਹਾ ਹੈ।ਉਹਨਾਂ ਆਈਆ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ 1 ਜੂਨ ਤੋਂ 5 ਜੂਨ ਨੂੰ ਤੱਕ ਹਰ ਸ਼ਾਮ 4 ਤੋਂ 6 ਵਜੇ ਤਕ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ, ਜਿਸ ਵਿੱਚ ਉੱਘੇ ਰਾਗੀ ਢਾਡੀਆ ਤੋਂ ਇਲਾਵਾ ਸ੍ਰੀ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ।ਉਪਰੰਤ 6 ਜੂਨ ਨੂੰ ਸ਼ਹੀਦੀ ਸਮਾਗਮ ਪੂਰੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ ਤੇ ਸੰਗਤਾਂ ਵੱਧ ਚੜ੍ਹ ਕੇ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਲਈ ਇੰਨ੍ਹਾਂ ਸਮਾਗਮਾਂ ‘ਚ ਹਾਜ਼ਰੀ ਭਰਨ ਦੀ ਅਪੀਲ਼ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media