ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਾਮਲ ਵੱਖ-ਵੱਖ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਕੁਲਵੰਤ ਸਿੰਘ ਤਰਕ, ਭੁਪਿੰਦਰਪਾਲ ਸਿੰਘ, ਦਲੀਪ ਸਿੰਘ, ਸੰਗਤ, ਸਿੰਘ ਸੇਖੋਂ ਤੇ ਕੁਲਦੀਪ ਸਿੰਘ ਗਰੇਵਾਲ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕੋ- ਕਨਵੀਨਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਸਮਰਾਲਾ ਸ਼ਹਿਰ ’ਚ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਅਜੇ ਤੱਕ ਪ੍ਰਬੰਧ ਨਹੀਂ ਹੋ ਸਕਿਆ।ਨਾ ਅਕਾਲੀ ਭਾਜਪਾ ਸਰਕਾਰ ਸਮੇਂ ਹੋਇਆ ਤੇ ਨਾਂ ਹੀ ਮੌਜੂਦਾ ਕੈਪਟਨ ਦੀ ਕਾਂਗਰਸ ਸਰਕਾਰ ਕੋਈ ਉਦਮ ਕਰ ਰਹੀ।ਸ਼ਹਿਰ ਤੇ ਇਲਾਕੇ ਦੀਆਂ ਸੜਕਾਂ ਖੰਨਾ-ਸਮਰਾਲਾ, ਮਾਛੀਵਾੜਾ ਸਮਰਾਲਾ, ਚਾਵਾ ਰੋਡ ਸਮਰਾਲਾ ਦਾ ਕੁਝ ਸਮੇਂ ਪੈਚ ਲਾ ਕੇ ਉਸ ਸਮੇਂ ਦੀ ਸਰਕਾਰ ਵੱਲੋਂ ਜਾਬਤਾ ਪੂਰਾ ਕੀਤਾ ਗਿਆ, ਅੱਜ ਫਿਰ ਇਨਾਂ ਸੜਕਾਂ ਦਾ ਉਸੇ ਤਰਾਂ ਮੰਦਾ ਹਾਲ ਹੈ। ਥਾਂ ਪਰ ਥਾਂ ਡੂੰਘੇ ਟੋਏ ਹੋਣ ਕਾਰਨ ਮੰਦ ਭਾਗੀ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਲਿੰਕ ਸੜਕਾਂ ਪਪੜੌਦੀ ਰੋਡ ਸਮਰਾਲਾ ਆਦਿ ਦਾ ਬੁਰਾ ਹਾਲ ਹੈ। ਇਹ ਸੜਕ ਮੰਡੀ ਤੇ ਰੇਲਵੇ ਸਟੇਸ਼ਨ ਨੂੰ ਜਾਂਦੀ ਹੈ। ਜਿਸ ਦੀ ਕਿ ਅੱਜ ਤੱਕ ਕੋਈ ਰਿਪੇਅਰ ਨਹੀਂ ਹੋਈ। ਬਰਸਾਤਾਂ ਦੇ ਦਿਨਾਂ ਚ ਥਾਂ ਪਰ ਥਾਂ ਸੀਵਰੇਜ ਦਾ ਗੰਦਾ ਪਾਣੀ ਖੜਨ ਕਰਕੇ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸੀਜਨ ਦੇ ਦਿਨਾਂ ’ਚ ਕਿਸਾਨਾਂ ਨੂੰ ਟਰਾਲੀਆਂ ਲਿਜਾਂਦੇ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਸ਼ਹਿਰ ਦੀਆਂ ਗਲੀਆਂ, ਨਾਲੀਆਂ ਦਾ ਕੰਮ ਅਧੂਰਾ ਪਿਆ ਹੈ। ਈ.ਓ ਤੇ ਐਸ.ਡੀ.ਐਮ ਸਮਰਾਲਾ ਨੂੰ ਜਥੇਬੰਦੀ ਵੱਲੋਂ ਵਾਰ-ਵਾਰ ਮਿਲਕੇ ਵੱਖ-ਵੱਖ ਸਮੇਂ ਸਮਰਾਲੇ ਦੇ ਮਸਲੇ ਹੱਲ ਕਰਾਉਣ ਦੀ ਮੰਗ ਵੀ ਕੀਤੀ ਗਈ।ਪਰ ਸਰਕਾਰਾਂ ਪ੍ਰਸ਼ਾਸ਼ਨ ’ਤੇ ਸਬੰਧਿਤ ਅਧਿਕਾਰੀਆਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।ਹੁਣ ਵੀ ਇਨਾਂ ਮਸਲਿਆਂ ਨੂੰ ਲੈ ਕੇ ਜਥੇਬੰਦੀ ਵੱਲੋਂ ਐਸ.ਡੀ.ਐਮ ਸਮਰਾਲਾ ਮਿਤੀ 21-06-2017 ਨੂੰ ਵਫਦ ਮਿਲਿਆ ਜਾਵੇਗਾ।
ਮੀਟਿੰਗ ’ਚ ਇੱਕ ਮਤੇ ਰਾਹੀਂ ਯੋਧਾਂ ਥਾਣੇ ’ਚ ਇੱਕ ਮਹਿਲਾ ਕਰਮਚਾਰੀ ਕੰਸਟੇਬਲ ਅਮਨਪ੍ਰੀਤ ਕੌਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ’ਚ ਸ਼ਾਮਿਲ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ ਤੇ ਲੜਕੀ ਦੀ ਬੇਵਕਤੀ ਮੌਤ ਤੇ ਦੁਖ ਪ੍ਰਗਟ ਕਰਦੇ ਹੋਏ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਕੀਤੀ ਹੈ. ਆਗੂਆਂ ਨੇ ਏਸ ਮੰਦਭਾਗੀ ਘਟਨਾਂ ਦੀ ਪਰਜੋਰ ਨਿੰਦਾ ਕਰਦੇ ਹੋਏ ਕਿਹਾ ਔਰਤਾਂ ਤੇ ਲੋਕਾਂ ਨੂੰ ਇਹੋ ਜਿਹੇ ਜ਼ੁਲਮਾਂ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ,ਤਾਂ ਹੀ ਵੱਧ ਰਹੀ ਗੁੰਡਾਗਰਦੀ ਨੂੰ ਨੱਥ ਪੈ ਸਕਦੀ ਹੈ।ਮੀਟਿੰਗ ’ਚ ਲੋਕ ਪੱਖੀ ਰੰਗ ਕਰਮੀ ਪ੍ਰੋ. ਅਜਮੇਰ ਔਲਖ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਕਿ ਜਿੱਥੇ ਉਹਨਾਂ ਦੀ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ। ਉਥੇ ਦੂਜੇ ਪਾਸੇ ਇਨਕਲਾਬੀ ਜਮਹੂਰੀ ਲਹਿਰ, ਰੰਗ-ਮੰਚ, ਸਾਹਿਤਾ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਪ੍ਰੋ. ਅਜਮੇਰ ਔਲਖ ਸਾਰੀ ਜਿੰਦਗੀ ਇਨਕਲਾਬੀ ਰੰਗ-ਮੰਚ ਰਾਹੀਂ ਮਿਹਨਤਕਸ਼ ਲੋਕਾਂ ਦੀ ਸੇਵਾ ਕਰਦੇ ਰਹੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media