Monday, October 12, 2026

ਭੇਦਭਰੀ ਹਾਲਤ ’ਚ ਨਹਿਰ ’ਚ ਡੁੱਬੇ 2 ਬੱਚਿਆਂ ’ਚੋਂ ਇਕ ਦੀ ਲਾਸ਼ ਬਰਾਮਦ, ਦੂਜਾ ਲਾਪਤਾ

PPN2106201721ਧੂਰੀ, 21 ਜੂਨ (ਪੰਜਾਬ ਪੋਸਟ) –  ਨੇੜਲੇ ਪਿੰਡ ਬੇਨੜਾ ਵਿਖੇ ਲੰਮੇਂ ਸਮੇਂ ਤੋਂ ਪਿੰਡ ਦੇ ਸ਼ਮਸ਼ਾਨ ਘਾਟ ਕੋਲ ਕੱਚੀਆਂ ਕੁੱਲੀਆਂ ਵਿਚ ਰਹਿ ਕੇ ਆਪਣਾ ਗੁਜਾਰਾ ਕਰਨ ਵਾਲੇ 2 ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਦੀ ਨਹਿਰ ’ਚ ਡੁੱਬਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨਾਂ ਵਿਚੋਂ ਰਾਹੁਲ ਨਾਮੀਂ ਇਕ ਬੱਚੇ ਦੀ ਲਾਸ਼ ਮਿਲ ਗਈ ਹੈ ਅਤੇ ਦੂਸਰੇ ਦੀ ਭਾਲ ਜਾਰੀ ਹੈ। ਮਿ੍ਰਤਕ ਰਾਹੁਲ (13) ਪੁੱਤਰ ਸ਼ਤਰੂਘਣ ਵਾਸੀ ਮੱਧ ਪ੍ਰਦੇਸ਼ ਹਾਲ ਆਬਾਦ ਬੇਨੜਾ ਦੀ ਮਾਤਾ ਕੋਮਲ ਨੇ ਦੱਸਿਆ ਕਿ ਲੰਘੀ 18 ਜੂਨ ਨੂੰ ਰਾਹੁਲ ਆਪਣੇ ਦੋਸਤ ਗੌਤਮ ਨਾਲ ਮਨਸਾ ਦੇਵੀ ਮੰਦਰ ਧੂਰੀ ਵਿਖੇ ਮੱਥਾ ਟੇਕਣ ਜਾਣ ਸਬੰਧੀ ਕਹਿ ਕੇ ਘਰੋਂ ਗਿਆ ਸੀ, ਪ੍ਰੰਤੂ ਦੇਰ ਰਾਤ ਤੱਕ ਘਰ ਵਾਪਸ ਨਾ ਪਰਤਣ ’ਤੇ ਜਦੋਂ ਅਸੀਂ ਇਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਅਗਲੀ ਸਵੇਰ ਰਾਹੁਲ ਦਾ ਸਾਈਕਲ ਨਹਿਰ ਦੇ ਕਿਨਾਰੇ ’ਤੇ ਮਿਲਿਆ। ਉਪਰੰਤ ਬੱਚਿਆਂ ਦੇ ਨਹਿਰ ’ਚ ਡਿੱਗੇ ਹੋਣ ਦੇ ਸ਼ੰਕੇ ਦੇ ਚੱਲਦਿਆਂ ਜਦੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਨਹਿਰ ’ਚ ਭਾਲ ਕੀਤੀ ਗਈ ਤਾਂ ਪਿੰਡ ਬੇਨੜਾ ਕੋਲ ਬਣੀ ਝਾਲ ਵਿਚੋਂ ਰਾਹੁਲ ਦੀ ਲਾਸ਼ ਮਿਲੀ। ਜਦੋਂ ਕਿ ਰਾਹੁਲ ਦਾ ਦੋਸਤ ਗੌਤਮ (12) ਪੁੱਤਰ ਵਰੁਣ ਪਾਸਵਾਨ ਵਾਸੀ ਬਿਹਾਰ ਹਾਲ ਆਬਾਦ ਬੇਨੜਾ ਅਜੇ ਤੱਕ ਭੇਦਭਰੀ ਹਾਲਤ ’ਚ ਲਾਪਤਾ ਹੈ। ਰਾਹੁਲ ਦੀ ਮੌਤ ਸਬੰਧੀ ਪਰਿਵਾਰ ਨੂੰ ਹਾਲੇ ਤੱਕ ਕੋਈ ਸਪਸ਼ੱਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਿ੍ਰਤਕ ਰਾਹੁਲ ਦਾ ਅੱਜ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਾਇਆ ਗਿਆ ਜਿਥੇ ਥਾਣਾ ਸਦਰ ਧੂਰੀ ਦੀ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਮਿ੍ਰਤਕ ਦਾ ਅੱਜ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਅੰਤਿਮ ਸੰਸਕਾਰ ਪਿੰਡ ਬੇਨੜਾ ਵਿਖੇ ਕਰ ਦਿੱਤਾ ਗਿਆ। ਮਿ੍ਰਤਕ ਰਾਹੁਲ ਦਾ ਪਿਤਾ ਸ਼ਤਰੂਘਣ ਆਪਣੇ ਪੁੱਤਰ ਦੀ ਹੋਈ ਬੇਵਕਤੀ ਮੌਤ ਨੂੰ ਲੈ ਕੇ ਗਹਿਰੇ ਸਦਮੇ ’ਚ ਹੈ। ਇਸ ਮੌਕੇ ਪਿੰਡ ਬੇਨੜਾ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮਜਦੂਰੀ ਕਿੱਤੇ ਨਾਲ ਸਬੰਧਤ ਇਹ ਦੋਵੇਂ ਪਰਿਵਾਰ ਅਤਿ ਦਰਜੇ ਦੇ ਗਰੀਬ ਹਨ ਅਤੇ ਪਿੰਡ ਬੇਨੜਾ ਦੀ ਸ਼ਮਸ਼ਾਨ ਘਾਟ ਨੇੜੇ ਸਥਿਤ ਸ਼ਾਮਲਾਟ ਜਮੀਨ ਵਿਚ ਕੱਚੀਆਂ ਕੁੱਲੀਆਂ ’ਚ ਰਹਿੰਦੇ ਹਨ। ਉਨਾਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਵਿੱਤੀ ਮਦਦ ਕਰਨ ਦੀ ਮੰਗ ਕੀਤੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply