ਸਿੱਖ ਆਪਣੇ ਗੁਰੂ ਤੇ ਗੁਰਬਾਣੀ ਦੀ ਤੌਹੀਨ ਬਰਦਾਸ਼ਤ ਨਹੀ ਕਰ ਸਕਦੇ – ਅਮਰੀਕ ਸਿੰਘ ਅਜਨਾਲਾ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪ ਕੇ ਸਿੱਖ
ਗੁਰੂ ਸਾਹਿਬਾਨ ਪ੍ਰਤੀ ਅਪਸ਼ਬਦ ਬੋਲਣ ਅਤੇ ਗੁਰਬਾਣੀ ਦੇ ਅਰਥਾਂ ਦੀ ਗਲਤ ਵਿਆਖਿਆ ਕਰਨ ਵਾਲੀ ਈਸਾਈ ਔਰਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਇੱਕਤਰ ਹੋਈਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ।ਇਸ ਤੋਂ ਬਾਅਦ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਵਿਦਿਆਰਥੀ ਭਾਈ ਮੇਜਰ, ਭਾਈ ਦਿਲਬਾਗ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਗਗੋਬੂਹਾ ਦੇ ਭਾਈ ਤਰਲੋਚਨ ਸਿੰਘ ਸੋਹਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਰਣਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਦੇ ਨਿਸ਼ਾਨ ਸਿੰਘ ਸਿਆਲਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਟਾਰੀ ਦੇ ਕੁਲਦੀਪ ਸਿੰਘ ਮੋਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਸ਼ਰਨ ਸਿੰਘ ਸੋਹਲ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ ਸ਼ੇਰਗਿੱਲ ਤੇ ਹੋਰ ਸਿੰਘਾਂ ਨੇ ਏ.ਡੀ.ਸੀ.ਪੀ ਸਿਟੀ ਚਰਨਜੀਤ ਸਿੰਘ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਲਵਾਨ ਨੂੰ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਪਿਆ।
ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈਸਾਈ ਮੱਤ ਦੀ ਇੱਕ ਔਰਤ ਵਲੋਂ ਈਸਾ ਮਸੀਹ ਨੂੰ ਦਸਮੇਸ਼ ਪਿਤਾ ਦਾ ਗੁਰੂ ਦੱਸਿਆ ਗਿਆ ਹੈ ਤੇ ਦਸਮੇਸ਼ ਪਿਤਾ ਪ੍ਰਤੀ ਭਗੌੜਾ ਸ਼ਬਦ ਵਰਤਣ ਦੀ ਕੁਤਾਹੀ ਕੀਤੀ ਗਈ ਹੈ।ਮੰਗ ਪੱਤਰ ਵਿੱਚ ਜਿਥੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਪਾਸੋਂ ਔਰਤ ਖਿਲਾਫ ਕੌਮੀ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ, ਉਥੇ ਤਾੜਨਾ ਵੀ ਕੀਤੀ ਗਈ ਹੈ ਕਿ ਕਾਰਵਾਈ ਨਾ ਹੋਣ ਦੀ ਸੁਰਤ ਵਿੱਚ ਵਿਰੋਧ ਵਜੋਂ ਈਸਾਈ ਮੱਤ ਵਲੋਂ ਚਲਾਏ ਜਾ ਰਹੇ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਹਟਾ ਲਏ ਜਾਣ ਦੀ ਕਾਰਵਾਈ ਕੀਤੀ ਜਾਏਗੀ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਸਮੇਂ ਸਰਬੱਤ ਖਾਲਸਾ ਦੁਆਰਾ ਥਾਪੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਵਿਸ਼ੇਸ਼ ਕਰਕੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਸਿੱਖ ਦੁਸ਼ਮਣ ਵਲੋਂ ਸਿੱਖ ਧਰਮ ਇਤਿਹਾਸ ਜਾਂ ਗੁਰੂ ਸਾਹਿਬ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ ਦਾ ਸ਼ੋਸ਼ਲ ਮੀਡੀਆ ਤੇ ਗਾਹਲਾਂ ਕੱਢ ਕੇ ਜਵਾਬ ਨਾ ਦਿਆ ਕਰਨ ਇਸ ਨਾਲ ਕੌਮ ਦਾ ਸਿਰ ਨੀਵਾਂ ਹੁੰਦਾ ਹੈ, ਬਲਕਿ ਤਰਕ ਨਾਲ ਜਵਾਬ ਦੇਣ, ਕਾਨੂੰਨੀ ਰਾਹ ਅਖਤਿਆਰ ਕਰਨ।ਉਨ੍ਹਾਂ ਕਿਹਾ ਅਸੀਂ ਹਰ ਧਰਮ ਤੇ ਧਰਮ ਗ੍ਰੰਥ ਦਾ ਸਤਿਕਾਰ ਕਰਦੇ ਹਾਂ ਪ੍ਰੰਤੂ ਦੂਸਰੇ ਧਰਮਾਂ ਦੇ ਪ੍ਰਚਾਰਕ ਵੀ ਧਿਆਨ ਦੇਣ ਕਿ ਆਪਣੇ ਧਰਮ ਦੀ ਗੱਲ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾ ਦੇਣ।
ਇਸ ਮੌਕੇ ਭਾਈ ਤਰਸੇਮ ਸਿੰਘ ਸੈਕਟਰੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਲ ਪੰਥ, ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਪਰਤਾਪ ਸਿੰਘ ਫੌਜੀ, ਭਾਈ ਸਰੂਪ ਸਿੰਘ ਭੁੱਚਰ, ਭਾਈ ਹਰਪਾਲ, ਭਾਈ ਅਵਤਾਰ ਸਿੰਘ ਧਾਰੀਵਾਲ ਸਤਿਕਾਰ ਕਮੇਟੀ ਪੱਟੀ ਆਦਿ ਵੀ ਮੌਜੂਦ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media