ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਲੋਂ ਤੇਜਾਬ ਪੀੜਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ
ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਤੇਜਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ, ਪੰਜਾਬ 2017 ਤਹਿਤ ਪੰਜਾਬ ਸਰਕਾਰ ਵਲੋਂ ਜ਼ਿਲਾ ਪੱਧਰੀ ਕਮੇਟੀ ਬਣਾਈ ਗਈ ਹੈ।ਇਸ ਕਮੇਟੀ ਦੇ ਚੇਅਰਪਰਸ਼ਨ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਤੇਜਾਬ ਪੀੜਤਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਅੱਣਸੁਖਾਵੇ ਹਾਦਸੇ (ਤੇਜ਼ਾਬ ਕਾਰਨ ਹੋਏ ਜ਼ਖਮਾਂ) ਤੋਂ ਬਾਅਦ ਵੀ ਆਪਣਾ ਜੀਵਨ ਸਨਮਾਨ ਸਹਿਤ ਜੀਅ ਸਕਣ। ਉਨਾਂ ਦੱਸਿਆ ਕਿ ਸਿਵਲ ਸਰਜਨ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲਾ ਪ੍ਰੋਗਰਾਮ ਅਫ਼ਸਰ (ਮਹਿਲਾ ਅਤੇ ਬਾਲ ਸੁਰੱਖਿਆ) ਇਸ ਕਮੇਟੀ ’ਚ ਸ਼ਾਮਿਲ ਹੋਣਗੇ। ਇਸ ਤੋ ਇਲਾਵਾ ਦੋ ਫੌਜਦਾਰੀ ਕਾਨੂੰਨ ਦੇ ਮਾਹਰ ( ਜਿਨਾਂ ਵਿਚ ਘੱਟੋ ਘੱਟ ਇਕ ਮਹਿਲਾ) ਅਤੇ ਤੇਜ਼ਾਬ ਪੀੜਤਾ ਦੇ ਪਰਿਵਾਰਕ ਮੈਂਬਰ ਵੀ ਇਸ ਕਮੇਟੀ ’ਚ ਸ਼ਾਮਲ ਹੋਣਗੇ।
ਉਨਾਂ ਦੱਸਿਆ ਕਿ ਤੇਜ਼ਾਬ ਪੀੜਤ ਪੰਜਾਬ ਰਾਜ ਦੀ ਵਸਨੀਕ ਹੋਣੀ ਚਾਹੀਦੀ ਹੈ। ਇਸ ਸਕੀਮ ਤਹਿਤ ਸਹਾਇਤਾ ਲੈਣ ਲਈ ਪੀੜਤ ਵਲੋਂ ਖੁਦ ਅਰਜ਼ੀ ਦੇਣ ਅਤੇ ਜੇਕਰ ਪੀੜਤ ਤੇਜ਼ਾਬ ਪੈ ਜਾਣ ਕਾਰਨ ਉਸ ਦੇ ਇਸ ਹੱਦ ਤੱਕ ਅਪੰਗ ਹੋ ਗਈ ਹੈ ਕਿ ਉਹ ਖੁਦ ਅਰਜੀ ਦੇਣ ਦੀ ਸਥਿਤੀ ਵਿਚ ਨਾ ਹੋਵੇ ਤਾਂ ਉਸ ਦੇ ਗਾਰਡੀਅਨ/ ਵਾਰਸ਼ ਪਰਿਵਾਰਕ ਮੈਂਬਰ/ ਰਿਸ਼ਤੇਦਾਰ ਵਲੋਂ ਇਸ ਸਬੰਧ ਵਿਚ ਸਬੰਧਤ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਅਰਜੀ ਦਿੱੱਤੇ ਜਾਣ ’ਤੇ ਵਿਚਾਰਿਆ ਜਾਵੇਗਾ। ਉਨਾਂ ਕਿਹਾ ਕਿ ਅਰਜੀ ਦੇ ਨਾਲ ਇਸ ਹਾਦਸੇ ਦਾ ਇਕ ਮੈਡੀਕਲ ਸਰਟੀਫਿਕੇਟ ਵੀ ਲੱਗਿਆ ਹੋਣਾ ਚਾਹੀਦਾ ਹੈ ਕਿ ਬਿਨੈਕਾਰ ਤੇਜ਼ਾਬ ਪਾਏ ਜਾਣ ਕਾਰਨ ਅਪੰਗ ਹੋ ਗਿਆ ਹੈ। ਉਨਾਂ ਦੱਸਿਆ ਕਿ ਪੀੜਤ ਦੇ ਮਾਂਪੇ/ਕਾਨੂੰਨੀ ਵਾਰਸ਼/ਪਰਿਵਾਰਿਕ ਮੈਂਬਰ/ਕੋਈ ਰਿਸ਼ਤੇਦਾਰ ਇਸ ਸਬੰਧ ਵਿਚ ਅਰਜੀ ਜ਼ਿਲਾ ਸਮਾਜਿਕ ਸੁਰਖਿਆ ਅਫ਼ਸਰ ਨੂੰ ਦੇਵੇਗਾ।ਬਿਨੈਕਾਰ ਅਰਜੀ ਨਾਲ ਮੈਡੀਕਲ ਸਰਟੀਫਿਕੇਟ ਅਤੇ ਐਫ਼.ਆਈ.ਆਰ./ਸ਼ਿਕਾਇਤ ਦੀ ਕਾਪੀ ਲਗਾਏਗਾ। ਇਸ ਤੋਂ ਇਲਾਵਾ ਵੋਟਰ ਲਿਸਟ/ਵੋਟਰ ਸ਼ਨਾਖਤੀ ਕਾਰਡ/ਆਧਾਰ ਕਾਰਡ/ਪਾਸਪੋਰਟ/ਡਰਾਈਵਿੰਗ ਲਾਇਸੈਂਸ/ਰਿਹਾਇਸ਼ ਦਾ ਸਰਟੀਫਿਕੇਟ ’ਚੋਂ ਕਿਸੇ ਇਕ ਦੀ ਤਸਦੀਕ ਕਾਪੀ ਨੱਥੀ ਕਰਨੀ ਜਰੂਰੀ ਹੈ। ਬਿਨੈਕਾਰ ਦਾ ਬੈਂਕ ਖਾਤੇ ਦਾ ਵੇਰਵਾ ਵੀ ਨਾਲ ਨੱਥੀ ਹੋਣਾ ਜਰੂਰੀ ਹੈ।ਉਨਾਂ ਕਿਹਾ ਕਿ ਨਿਯਮਾਂ ਅਨੁਸਾਰ ਜ਼ਿਲਾ ਸੁਰੱਖਿਆ ਅਫ਼ਸਰ ਪਾਸੋਂ ਅਰਜੀ ਪ੍ਰਾਪਤ ਹੋਣ ਤੋਂ ਇਕ ਮਹੀਨੇ ਦੇ ਅੰਦਰ ਅੰਦਰ ਇਸ ਦਾ ਨਿਪਟਾਰਾ ਹੋਣਾ ਜਰੂਰੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media