Wednesday, March 11, 2026

ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕੇਂਦਰ ਵਲੋਂ ਰੋਕੇ ਜਾਣ `ਤੇ ਦਿੱਲੀ ਕਮੇਟੀ ਨਾਰਾਜ਼

ਨਵੀਂ ਦਿੱਲੀ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚਲੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ manjit singh gkਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਭਾਰਤੀ ਵਿਦੇਸ਼ ਮੰਤਰਾਲੇ ਦੀ ਭੂਮਿਕਾ ਨੂੰ ਅਤਿ ਉਤਸ਼ਾਹ ਦੀ ਕਾਰਵਾਈ ਦੱਸਿਆ ਹੈ।
ਜੀ.ਕੇ ਨੇ ਕਿਹਾ ਕਿ ਜੂਨ 1972 ’ਚ ਮੁਲਕ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇੇ ਪਾਕਿਸਤਾਨ ਦੇ ਰਾਸ਼ਟਰਪਤੀ ਜੁਲਫ਼ਿਕਾਰ ਅੱਲੀ ਭੁੱਟੋ ਵਿਚਾਲੇ ਕੂਟਨੀਤਿਕ ਫੈਸਲਾ ਹੋਇਆ ਸੀ।ਜਿਸ ਨੂੰ ਸ਼ਿਮਲਾ ਸਮਝੌਤਾ ਵੱਜੋਂ ਜਾਣਿਆ ਜਾਂਦਾ ਹੈ।ਸਮਝੌਤੇ ਅਨੁਸਾਰ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤੀ ਸਿੱਖ ਸਾਲ ’ਚ 4 ਵਾਰ ਜਥੇ ਦੇ ਤੌਰ `ਤੇ ਜਾ ਸਕਦੇ ਹਨ।ਜਿਸ ਵਿਚ ਵਿਸਾਖੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਾਮਿਲ ਹਨ।
ਜੀ.ਕੇ ਨੇ ਕਿਹਾ ਕਿ ਪਾਕਿਸਤਾਨੀ ਦੂਤਘਰ ਵੱਲੋਂ ਯਾਤਰਾ ਦੇ ਇੱਛੁਕ ਭਾਰਤੀ ਸਿੱਖਾਂ ਨੂੰ ਵੀਜ਼ਾ ਦੇਣ ਦੇ ਬਾਵਜੂਦ ਅਟਾਰੀ ਬਾਰਡਰ ’ਤੇ ਭਾਰਤੀ ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾ ਕਰਕੇ ਰੋਕੇ ਜਾਣਾ ਸ਼ਿਮਲਾ ਸਮਝੌਤਾ ਦੀ ਉਲੰਘਣਾ ਹੈ।ਜੀ.ਕੇ ਨੇ ਖੁਲਾਸਾ ਕੀਤਾ ਕਿ 1948 ਤੋਂ ਲਗਾਤਾਰ ਭਾਰਤੀ ਯਾਤਰੂ ਹਰ ਸਾਲ ਪਾਕਿਸਤਾਨ ਵੱਖ-ਵੱਖ ਮੌਕਿਆਂ ’ਤੇ ਜਾਂਦੇ ਰਹੇ ਹਨ ਅਤੇ ਇਹ ਸਿਲਸਿਲਾ ਸਿੱਖ ਨਸ਼ਲਕੁਸ਼ੀ ਦੇ ਸਾਲ ਵੱਜੋਂ ਜਾਣੇ ਜਾਂਦੇ 1984 ਵਿਚ ਵੀ ਜਾਰੀ ਰਿਹਾ ਸੀ।
ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਪਾਕਿਸਤਾਨੀ ਯਾਤਰਾ ਦੌਰਾਨ ਸਿੱਖ ਯਾਤਰੂਆਂ ਦੀ ਹਿਫ਼ਾਜਤ ਆਪਣੇ ਸਿਰ ਲੈਣ ਦੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਸਲਾਹ ’ਤੇ ਵੀ ਜੀ.ਕੇ ਨੇ ਸਵਾਲ ਖੜੇ ਕੀਤੇ।ਜੀ.ਕੇ ਨੇ ਪੁੱਛਿਆ ਕਿ ਭਾਰਤ ਸਰਕਾਰ ਨੇ ਕਦੇ ਮੱਕਾ ਵਿਖੇ ਹੱਜ ਲਈ ਜਾਣ ਵਾਲੇ ਮੁਸਲਮਾਨਾਂ ਦੀ ਸੁਰੱਖਿਆ ਲਈ ਸਉਦੀ ਅਰਬ ਤੋਂ ਅਤੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਜਾਣ ਵਾਲੇ ਹਿੰਦੂ ਯਾਤਰੂਆਂ ਲਈ ਚੀਨ ਸਰਕਾਰ ਤੋਂ ਸੁਰੱਖਿਆ ਦੀ ਜਿੰਮੇਵਾਰੀ ਲਈ ਹੈ ?
ਜੀ.ਕੇ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ 2019 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤੀ ਸਿੱਖਾਂ ਦੇ ਜਥਿਆਂ ਨੂੰ ਖੁੱਲੇ ਦਿਲ ਨਾਲ ਭੇਜਣ ਲਈ ਕਾਰਜ ਕਰਨ ਦੀ ਨਸੀਹਤ ਦਿੰਦੇ ਹੋਏ ਸਾਲ ’ਚ ਜਾਣ ਵਾਲੇ ਜਥਿਆ ਦੀ ਗਿਣਤੀ 4 ਤੋਂ ਵਧਾ ਕੇ 6 ਕਰਨ ਦੀ ਵੀ ਮੰਗ ਕੀਤੀ।
ਦਰਅਸਲ ਬੀਤੇ ਦਿਨੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਸਰਕਾਰ ਨੇ ਸਿੱਖ ਯਾਤਰੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਅਟਾਰੀ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply