Monday, March 9, 2026

ਨਗਰ ਨੂੰ ਹਰਾ-ਭਰਾ ਕਰਨ ਲਈ ਵਿਆਪਕ ਯੋਜਨਾਬੰਦੀ, ਹਰੇਕ ਸੜਕ `ਤੇ ਲੱਗਣਗੇ ਬੂਟੇ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੀਆਂ ਸੜਕਾਂ ਚੌੜੀਆਂ ਕਰਨ ਲਈ ਕੀਤੀ ਗਈ ਰੁੱਖਾਂ ਦੀ ਕਟਾਈ ਤੋਂ ਦੁੱਖੀ ਹੋਏ ਸ਼ਹਿਰ PPN2707201714ਵਾਸੀਆਂ ਅਤੇ ਵਾਤਵਰਣ ਪ੍ਰੇਮੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਰੁੱਖਾਂ ਦੀ ਘਾਟ ਨੂੰ ਦੂਰ ਕਰਨ ਦੇ ਨਾਲ-ਨਾਲ ਸ਼ਹਿਰ ਨੂੰ ਖੂਬਸੂਰਤ ਬਨਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਹੈ।ਇਸ ਲਈ ਉਨਾਂ ਲੋਕ ਨਿਰਮਾਣ ਵਿਭਾਗ, ਕਾਰਪੋਰੇਸ਼ਨ, ਨਗਰ ਸੁਧਾਰ ਟਰੱਸਟ, ਜੰਗਲਾਤ ਵਿਭਾਗ ਅਤੇ ਹੋਰ ਵਿਭਾਗਾਂ ਦੀ ਮਦਦ ਨਾਲ ਉਨਾਂ ਸੜਕਾਂ, ਪਾਰਕਾਂ, ਰਾਹਾਂ, ਚੌਕਾਂ ਦੀ ਨਿਸ਼ਾਨਦੇਹੀ ਕਰ ਲਈ ਹੈ, ਜਿੱਥੇ ਕਿ ਬੂਟੇ ਲਗਾਏ ਜਾ ਸਕਦੇ ਹਨ। ਇਸ ਬਾਰੇ ਖੁਦਾਈ ਖਿਦਮਤਗਾਰ ਅਤੇ ਹੋਰ ਸੰਸਥਾਵਾਂ ਵੱਲੋਂ ਵੀ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ ਜਾ ਰਹੀ ਹੈ।
ਅੱਜ ਇਸ ਬਾਰੇ ਕੀਤੀ ਮੀਟਿੰਗ ਵਿਚ ਉਨਾਂ ਦੱਸਿਆ ਕਿ ਅਸੀਂ ਸ਼ਹਿਰ ਨੂੰ ਹਰਾ-ਭਰਾ ਕਰਨ ਦੇ ਨਾਲ-ਨਾਲ ਫੁੱਲਾਂ ਵਾਲੇ ਦਰਖਤਾਂ ਨਾਲ ਸ਼ਿੰਗਾਰਨ ਦਾ ਖਾਕਾ ਉਲੀਕਿਆ ਹੈ ਅਤੇ ਹਰੇਕ ਸੜਕ ਦੀ ਚੌੜਾਈ ਦੇ ਹਿਸਾਬ ਨਾਲ ਰੁੱਖਾਂ ਦੀ ਚੋਣ ਕੀਤੀ ਹੈ, ਤਾਂ ਕਿ ਉਹ ਰਾਹਗੀਰਾਂ ਅਤੇ ਉਥੇ ਰਹਿ ਰਹੇ ਲੋਕਾਂ ਲਈ ਕਿਸੇ ਤਰਾਂ ਦੀ ਰੁਕਾਵਟ ਨਾ ਬਣਨ।ਥਾਂ ਦੇ ਹਿਸਾਬ ਨਾਲ ਰੁੱਖਾਂ ਦੇ ਰੰਗ, ਫੁੱਲ, ਉਚਾਈ ਅਤੇ ਫੈਲਾਅ ਆਦਿ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਮੇਰਾ ਟੀਚਾ ਇਸ ਗੁਰੂ ਨਗਰੀ ਨੂੰ ਅਗਲੇ ਦੋ ਸਾਲਾਂ ਵਿਚ ਰੁੱਖਾਂ ਨਾਲ ਸੁੰਦਰ ਤੇ ਮਨਮੋਹਕ ਬਨਾਉਣ ਦਾ ਹੈ ਅਤੇ ਇਸ ਲਈ ਵੱਧ ਤੋਂ ਵੱਧ ਪਲੇ ਹੋਏ ਬੂਟਿਆਂ ਦੀ ਚੋਣ ਵੱਖ-ਵੱਖ ਨਰਸਰੀਆਂ ਤੋਂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵੱਡੇ ਬੂਟਿਆਂ ਦੀ ਭਾਲ ਕੇਵਲ ਸਰਕਾਰੀ ਨਰਸਰੀਆਂ ਵਿਚੋਂ ਨਹੀਂ, ਬਲਕਿ ਨਿੱਜੀ ਨਰਸਰੀਆਂ ਵਿਚੋਂ ਖਰੀਦ ਕਰਕੇ ਵੀ ਪੂਰੀ ਕੀਤੀ।
ਸੰਘਾ ਨੇ ਦੱਸਿਆ ਕਿ ਵੱਖ-ਵੱਖ ਲੈਡਸਕੇਪਿੰਗ ਮਾਹਿਰਾਂ ਅਤੇ ਵਾਤਾਵਰਣ ਪ੍ਰੇਮੀਆਂ ਦੀ ਰੈਅ ਨਾਲ ਅਮਲਤਾਸ, ਮੌਲਸਰੀ, ਪੁਤਰਨਜੀਵਾ, ਲੈਜ਼ਰਸਟ੍ਰੇਮੀਆ, ਪਿੰਕੇਸ਼ੀਆ, ਕਚਨਾਰ, ਚਕਰਾਸੀਆ, ਕੁਸੁਮ, ਕਦਮ, ਗੁਲਮੋਹਰ, ਅਰਜਨ, ਜਕਰਾਂਦਾ, ਮੈਗਨੌਲੀਆ ਆਦਿ ਦਰਖਤਾਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਹ ਬੂਟੇ ਲਗਾਉਣ ਲਈ ਗੋਲ ਬਾਗ, ਸਕੱਤਰੀ ਬਾਗ, 40 ਖੂਹ, ਰਾਮ ਬਾਗ, ਮਿਉਂਸੀਪਲ ਕਾਰਪੋਰੇਸ਼ਨ ਦੇ 395 ਪਾਰਕ, ਚਮਰੰਗ ਰੋਡ, 100 ਫੁੱਟੀ ਰੋਡ, ਸੁਲਤਾਨਵਿੰਡ ਰੋਡ, ਭਗਤਾਂਵਾਲਾ ਰੋਡ, ਬਾਬਾ ਫੂਲਾ ਸਿੰਘ ਰੋਡ, ਗੋਬਿੰਦਗੜ੍ਹ ਕਿਲਾ ਰੋਡ, ਸੰਨ ਸਾਹਿਬ ਰੋਡ, 22 ਨੰਬਰ ਫਾਟਕ ਰੋਡ, ਮਜੀਠਾ ਰੋਡ, ਮਕਬੂਲ ਰੋਡ, ਕਚਿਹਰੀ ਰੋਡ ਦਾ ਕੁੱਝ ਹਿੱਸਾ, ਗਰੀਨ ਐਵੀਨਿੳੂ ਰੋਡ, ਕੈਨੇਡੀ ਐਵਿਨਿੳੂ, ਅਨੰਦ ਐਵੀਨਿੳੂ, ਰੇਸ ਕੋਰਡ ਰੋਡ, ਇੰਡਸਟਰੀਅਲ ਫੋਕਲ ਪੁਆਇੰਟ, ਗੋਲਡਨ ਐਵੀਨਿੳੂ ਰੋਡ, ਅੰਨਗੜ ਰੋਡ, ਲਾਰੈਂਸ ਰੋਡ, ਖੰਡਵਾਲਾ ਤੋਂ ਬਾਈਪਾਸ, ਟੇਲਰ ਰੋਡ, ਇਸਲਾਮਾਬਾਦ ਰੋਡ, ਢਪਈ ਰੋਡ, ਰਾਮ ਤੀਰਥ ਰੋਡ ਆਦਿ ਦੀ ਚੋਣ ਕਤੀ ਗਈ ਹੈ ਅਤੇ ਇੰਨਾਂ ਥਾਵਾਂ ’ਤੇ 6500 ਦੇ ਕਰੀਬ ਬੂਟੇ ਲਗਾਏ ਜਾਣਗੇ।ਮੀਟਿੰਗ ਵਿੱਚ ਪ੍ਰਕਾਸ਼ ਭੱਟੀ, ਜੀ.ਏ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ ਅਤੇ ਹੋਰ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply