ਅੰਮ੍ਰਿਤਸਰ, 27 ਜੁਲਾਈ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ
ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਭਾਰਤ ਚੋਣ ਕਮਿਸ਼ਨ ਦੁਆਰਾ ਚਲਾਈ ਜਾ ਰਹੀ ਸਕੀਮ ‘ਸਵੀਪ’ ਅਧੀਨ ਇਕ ਟੀਮ ਨੇ ਪਹੁੰਚ ਕੇ 18 ਸਾਲ ਪੂਰੇ ਕਰ ਚੁੱਕੇ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੋਟਰ ਕਾਰਡ ਬਣਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਕਿਹਾ ਕਿ ਭਾਰਤ ਵਰਗੇ ਲੋਕਤੰਤਰ ’ਚ ਵੋਟ ਆਮ ਨਾਗਰਿਕ ਦੇ ਲਈ ਹਥਿਆਰ ਦੇ ਸਮਾਨ ਹੈ, ਜਿਸ ਨੂੰ ਵਰਤ ਕੇ ਦੇਸ਼ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਸਾ ਹੈ ਅਤੇ ਦੇਸ਼ ’ਚੋਂ ਕੁਰੀਤੀ, ਰਿਸ਼ਵਤਖੋਰੀ, ਅਨ੍ਹਿਆਂ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ ਪਰੰਤੂ ਇਸ ਅਧਿਕਾਰ ਦੀ ਵਰਤੋਂ ਬੜੀ ਸੋਚ ਸਮਝ ਕੇ ਕਰਨ ਦੀ ਲੋੜ ਹੈ।ਇਸ ਲਈ ਨੌਜਵਾਨ ਪੀੜ੍ਹੀ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਦੀ ਪਛਾਣ ਕਰਕੇ ਦੇਸ਼ ’ਚ ਬਦਲਾਅ ਲਿਆ ਸਕਦੀ ਹੈ।
ਇਸ ਮੌਕੇ ਸਵੀਪ ਟੀਮ ਦੇ ਸੁਪਰਵਾਇਜ਼ਰ ਸ੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੋਟਰ ਕਾਰਡ ਬਣਾਉਣ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਐਨਵੀਐਸਪੀ. ਇਨ ਨਾਂ ਦੀ ਵਿਸ਼ੇਸ਼ ਵੈਬਸਾਈਟ ਬਣਾਈ ਗਈ ਹੈ ਜਿਸ ਰਾਹੀਂ ਨਾਗਰਿਕ ਬਿਨ੍ਹਾਂ ਕਿਸੇ ਫ਼ਾਰਮ ਨੂੰ ਭਰੇ ਇੰਟਰਨੈਟ ਰਾਹੀਂ ਆਪਣਾ ਵੋਟਰ ਕਾਰਡ ਬਣਵਾ ਸਕਦੇ ਹਨ।
ਇਸ ਸਬੰਧ ’ਚ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਪ੍ਰੋ. ਰਣਪ੍ਰੀਤ ਸਿੰਘ ਨੇ ਵੋਟ ਦੇ ਅਧਿਕਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਭਾਰਤ ਦੇਸ਼ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਮਾਣ ਪ੍ਰਾਪਤ ਹੈ ਪ੍ਰੰਤੂ ਅਜੇ ਵੀ ਦੇਸ਼ ’ਚ ਆਪਣੇ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਸਬੰਧੀ ਅਗਿਆਨਤਾ ਵੇਖਣ ਨੂੰ ਮਿਲਦੀ ਹੈ।ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਭਾਰਤ ਦੇਸ਼ ਦੀ ਤਰੱਕੀ ਇੱਥੋਂ ਦੇ ਨੌਜਵਾਨਾਂ ਦੀ ਜਾਗਰੂਕਤਾ ਰਾਹੀਂ ਹੀ ਸੰਭਵ ਹੈ।ਕਾਲਜ ਤੋਂ ਸਵੀਪ ਸਕੀਮ ਦੁਆਰਾ ਨਿਯੁੱਕਤ ਕੀਤੇ ਨੋਡਲ ਅਫ਼ਸਰ ਪ੍ਰੋ. ਰੋਹਿਤ ਕਾਕੜੀਆ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਸਥਾਰ ’ਚ ਉਕਤ ਵੈਬਸਾਇਟ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਬੀ. ਐਲ. ਓ. ਸ੍ਰੀ ਦਲੀਪ ਕੁਮਾਰ, ਦਲਜੀਤ ਸਿੰਘ ਅਤੇ ਬਲਜੀਤ ਕੌਰ ਦੇ ਨਾਲ-ਨਾਲ ਕੈਂਪਸ ਐਂਬਸਡਰ ਗੁਰਸ਼ਰਨ ਸਿੰਘ (ਬੀ. ਕਾਮ ਸਮੈਸਟਰ ਪਹਿਲਾ) ਅਤੇ ਪ੍ਰੋ. ਜਗਦੀਪ ਕੌਰ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media