ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – 71ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰ ਦਾ ਸਮਾਗਮ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ
ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫ਼ਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਰਵਿੰਦਰ ਸਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ(ਸ), ਕੁਲਦੀਪ ਸਿੰਘ ਡੀ.ਐਸ.ਪੀ, ਕੁਲਦੀਪ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਜਸਵੰਤ ਸਿੰਘ ਢਿਲੋਂ ਜਿਲ੍ਹਾ ਟਰਾਂਸਪੋਰਟ ਅਫਸਰ ਪਠਾਨਕੋਟ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਮਾਰਚ ਪਾਸਟ ਵਿੱਚ ਪੰਜਾਬ ਪੁਲੀਸ, ਪੰਜਾਬ ਮਹਿਲਾ ਪੁਲੀਸ, ਪੰਜਾਬ ਹੋਮਗਾਰਡ, ਐਨ.ਸੀ.ਸੀ ਸੀਨੀਅਰ ਤੇ ਜੂਨੀਅਰ ਵਿੰਗ, ਸਕਾਊਂਟ ਅਤੇ ਗਰਲਜ਼ ਗਾਈਡ ਦੀਆਂ ਟੁੱਕੜੀਆਂ ਹਿੱਸਾ ਲੈਣਗੀਆਂ ਅਤੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ ਆਜ਼ਾਦੀ ਘੁਲਾਟੀਆਂ ਅਤੇ ਰਾਸ਼ਟਰੀ ਤੇ ਰਾਜ ਪੱਧਰ ’ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਕਮੇਟੀਆਂ ਗਠਿਤ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ, ਪੀ.ਟੀ.ਸੋਅ ਪੇਸ਼ ਕਰਨ ਵਾਲੇ ਬੱਚਿਆਂ ਦੀ ਚੋਣ 3 ਅਗਸਤ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਬੰਧੀ ਰਿਹਰਸਲਾਂ 7, 10 ਅਗਸਤ ਨੂੰ ਅਤੇ ਫੁਲ ਡਰੈਸ ਰਿਹਰਸਲ 14 ਅਗਸਤ ਨੂੰ ਹੋਵੇਗੀ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਦਫ਼ਤਰ ਵਿੱਚ 14 ਅਤੇ 15 ਅਗਸਤ ਦੀ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕਰਨਗੇ।ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਜ਼ਿਲ੍ਹਾ ਪੱਧਰ ਦੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਆਜ਼ਾਦੀ ਦਿਵਸ ਦੇ ਸਮਾਗਮ ਵਿੱਚ ਆਪਣੀ ਅਤੇ ਆਪਣੇ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ।ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਬੰਧੀ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੀਵਿਊ ਮੀਟਿੰਗ 4 ਅਗਸਤ ਬਾਅਦ ਦੁਪਿਹਰ 3 ਵਜੇ ਹੋਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media