ਨਵੀਂ ਦਿੱਲੀ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਚੱਢਾ ਪਰਿਵਾਰ ਦੇ ਖਿਲਾਫ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਬਿਆਨ ਦਾ ਕਰੜਾ ਨੋਟਿਸ ਲੈਂਦਿਆ ਕਿਹਾ ਕਿ ਦੀਪਾ ਚੱਢਾ ਦੀ ਮਿੱਲ ਕੋਈ ਨਹੀ ਸ਼ੁਰੂ ਨਹੀ ਹੋਈ ਸਗੋ ਬਾਦਲਾਂ ਦੇ 10 ਸਾਲਾ ਸਾਮਰਾਜ ਸਮੇਂ ਵੀ ਸਰਕਾਰੀ ਟੈਕਸ ਤੇ ਐਕਸਾਈਜ ਡਿਊਟੀ ਦੇ ਕੇ ਚੱਲਦੀ ਆਈ ਹੈ, ਉਸ ਸਮੇਂ ਜੂਨੀਅਰ ਬਾਦਲ ਨੂੰ ਕਦੇ ਇਹ ਮਿੱਲ ਦਿਖਾਈ ਨਹੀ ਦਿੱਤੀ।
ਜਾਰੀ ਇੱਕ ਬਿਆਨ ਰਾਹੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਚੱਢਾ ਪਰਿਵਾਰ ਦੇ ਕੋਲੋਂ ਬਾਦਲ ਪਰਿਵਾਰ ਕਿਸੇ ਵੇਲੇ ਕਰੋੜਾਂ ਰੁਪਏ ਫੰਡ ਦੇ ਨਾਮ `ਤੇ ਲੈਦਾ ਸੀ ਤੇ ਅਕਸਰ ਹੀ ਪੋਂਟੀ ਚੱਢਾ ਦੇ ਕੋਲ ਜਾ ਕੇ ਬਾਦਲ ਬੈਠੇ ਸਨ।ਉਸ ਵੇਲੇ ਕਦੇ ਚੱਢਾ ਪਰਿਵਾਰ ਦੀ ਕੋਈ ਕੁਤਾਹੀ ਬਾਦਲਾਂ ਨੂੰ ਨਜ਼ਰ ਨਹੀ ਆਈ, ਪਰ ਅੱਜ ਪੋਟੀ ਚੱਢਾ ਦੇ ਇਸ ਦੁਨੀਆਂ ਤੋਂ ਚੱਲੇ ਜਾਣ ਉਪਰੰਤ ਉਸ ਪਰਿਵਾਰ ਦੀ ਆਲੋਚਨਾ ਕਰਨਾ ਕੋਈ ਸਿਆਣਪ ਨਹੀ, ਸਗੋ ਬੁਜ਼ਦਿਲਾਂ ਵਾਲੀ ਕਾਰਵਾਈ ਹੈ।ਉਹਨਾਂ ਕਿਹਾ ਕਿ ਜੇਕਰ ਅੱਜ ਦੀਪਾ ਚੱਢਾ ਦੀ ਮਿੱਲ ਸੁਖਬੀਰ ਸਿੰਘ ਬਾਦਲ ਨੂੰ ਰੜਕਦੀ ਹੈ।ਇਸ ਦਾ ਭਾਵ ਇਹੀ ਲਿਆ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਚੱਢਾ ਪਰਿਵਾਰ ਨਾਲ ਬਾਦਲ ਪਰਿਵਾਰ ਦੇ ਪੁਰਾਣੇ ਰਿਸ਼ਤੇ ਨੂੰ ਭੁੱਲ ਕੇ ਨਵੀ ਭਾਜੀ ਪਾ ਰਹੇ ਹਨ।ਉਹਨਾਂ ਕਿਹਾ ਕਿ ਚੱਢਾ ਪਰਿਵਾਰ ਭਾਵੇਂ ਸਿਆਸਤ ਵਿੱਚ ਨਹੀ ਆਇਆ, ਪਰ ਉਹਨਾਂ ਨੇ ਜਿੰਨੀ ਸਮਾਜ ਸੇਵਾ ਕੀਤੀ ਉਸ ਦਾ ਵੀ ਕੋਈ ਸਾਨੀ ਨਹੀ ਹੈ।ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੀਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋ ਇਕੱਠੀਆਂ ਕੀਤੀਆਂ ਐਫ.ਡੀ.ਆਰ ਬਾਦਲ ਚੱਟਮ ਕਰ ਗਏ ਤੇ ਦਿੱਲੀ ਕਮੇਟੀ ਵਿੱਚੋਂ ਵੀ ਉਹਨਾਂ (ਸਰਨਾ ਕਾਲ) ਦੇ ਸਮੇਂ ਜਮਾ ਕਰ ਕੇ ਰੱਖੀ ਗੁਰੂ ਘਰ ਦੀ ਗੋਲਕ ਦੀ 123 ਕਰੋੜ ਦੀ ਰਾਸ਼ੀ ਵੀ ਬਾਦਲ ਦੇ ਛੋਟੇ ਜਿਹੇ ਢਿੱਡ ਵਿੱਚ ਸਮਾ ਗਈ ਹੈ, ਪਰ ਹਾਲੇ ਵੀ ਇਹਨਾਂ ਦਾ ਧਿਆਨ ਦੂਜਿਆਂ ਦੀਆਂ ਜਾਇਦਾਦਾਂ ਵੱਲ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ 10 ਸਾਲਾ ਬਾਦਲ ਸਾਮਰਾਜ ਨੇ ਜਿੰਨਾ ਪੰਜਾਬ ਦੇ ਲੋਕਾਂ ਦਾ ਧਾਰਮਿਕ, ਸਮਾਜਿਕ, ਰਾਜਨੀਤਕ, ਬੌਧਿਕ ਤੇ ਸਭਿਆਚਾਰਕ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਕਰਦਿਆਂ ਹਾਲੇ ਕਈ ਦਹਾਕੇ ਲੱਗ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਇਹਨਾਂ ਨੇ ਆਪਣੀਆਂ ਤਿਜੌਰੀਆਂ ਤਾਂ ਜਰੂਰ ਭਰ ਲਈਆਂ, ਪਰ ਸਿੱਖ ਵਿਰਸੇ ਦੀਆਂ ਤਿਜੌਰੀਆਂ ਖਾਲੀ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਨੂੰ ਕਦੇ ਵੀ ਬਾਦਲਾਂ ਕੋਲੋ ਭਲਾਈ ਦੀ ਆਸ ਨਹੀ ਰੱਖਣੀ ਚਾਹੀਦੀ।ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਖੁੱਸ ਜਾਣ ਉਪਰੰਤ ‘‘ਬਰਲ’’ ਹੋ ਗਿਆ ਹੈ ਤੇ ਉਹ ਇਸੇ ਸਦਮੇ ਵਿੱਚ ਹੀ ੳੂਲ ਜਲੂਲ ਬੋਲੀ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਬਨਣ ਉਪਰੰਤ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਤਕਲੀਫ ਦੇ ਰਿਹਾ ਹੈ।ਜਿਹੜਾ ਉਸ ਕੋਲੋ ਬਰਦਾਸ਼ਤ ਨਹੀ ਹੋ ਰਿਹਾ ਤੇ ਚੱਢਾ ਤੇ ਸਰਨਾ ਪਰਿਵਾਰ ਦੀ ਰਿਸ਼ਤੇਦਾਰੀ ਜੱਗ ਜ਼ਾਹਿਰ ਹੈ, ਜਿਸ ਨੂੰ ਅਧਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਪੁੱਠੇ ਸਿੱਧੇ ਬਿਆਨ ਦੇ ਕੇ ਮੁੜ ਸਥਾਪਤੀ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੀ ਹੁਣ ਸੰਭਵ ਨਹੀ ਹੈ।ਉਹਨਾਂ ਕਿਹਾ ਕਿ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਰਕਾਰੀ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਦਬਕੇ ਮਾਰਨੇ ਵੀ ਸੁਖਬੀਰ ਸਿੰਘ ਬਾਦਲ ਦੀ ਬੁਖਲਾਹਟ ਹੀ ਕਹੀ ਜਾ ਸਕਦੀ ਹੈ, ਜਿਸ ਨੂੰ ਕੈਪਟਨ ਸਰਕਾਰ ਕਦੇ ਵੀ ਬਰਦਾਸ਼ਤ ਨਹੀ ਕਰੇਗੀ ਤੇ ਅਧਿਕਾਰੀਆਂ ਦੇ ਹੌਸਲੇ ਪਸਤ ਨਹੀ ਹੋਣ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਪੰਜਾਬ ਨੂੰ ਨਰਕ ਦੀ ਦੁਨੀਆ ਵਿੱਚ ਧੱਕਣ ਵਾਲਾ ਸੁਖਬੀਰ ਸਿੰਘ ਬਾਦਲ ਜੇਕਰ ਕਿਸੇ ਵੀ ਮੁੱਦੇ `ਤੇ ਬਹਿਸ ਕਰਨਾ ਚਾਹੇ ਤਾਂ ਉਸ ਨੂੰ ਖੁੱਲਾ ਸੱਦਾ ਹੈ ਕਿ ਉਹ ਜਦੋ ਵੀ ਚਾਹੇ ਬਹਿਸ ਲਈ ਆ ਸਕਦਾ ਹੈ, ਪਰ ਇਹ ਬਹਿਸ ਕਿਸੇ ਨਿਰਪੱਖ ਟੀ.ਵੀ ਚੈਨਲ `ਤੇ ਹੋਵੇਗੀ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media