ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਯੂਨੀਵਰਸਿਟੀ ਡੀਨ ਅਲੂਮਿਨੀ ਐਸੋਸੀਏਸ਼ਨ ਵਜੋਂ ਜਾਇਨ ਕਰ ਲਿਆ ਹੈ।ਉਨ੍ਹਾਂ ਦਾ ਅਕਾਦਮਿਕਤ ਤੇ ਖੋਜ ਵਿਚ 37 ਸਾਲਾਂ ਦਾ ਤਜ਼ਰਬਾ ਹੈ।ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਇਕਨਾਮਿਕਸ ਐਂਡ ਬਿਜ਼ਨੈਸ, ਕੋਆਰਡੀਨੇਟਰ (ਯੂ.ਜੀ.ਸੀ ਵਿਸ਼ੇਸ਼ ਸਹਾਇਤਾ ਪ੍ਰੋਗਰਾਮ) ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।
ਅਕਾਦਮਿਕ ਅਤੇ ਖੋਜ ਵਿਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਪਬਲੀਕੇਸ਼ਨ ਛਪ ਚੁੱਕੀਆਂ ਹਨ।ਉਹ ਦਸ ਦੇ ਲਗਪਗ ਵਿਦਿਆਰਥੀਆਂ ਨੂੰ ਪੀ.ਐਚ.ਡੀ ਕਰਵਾ ਚੁੱਕੇ ਹਨ ਜੋ ਕਿ ਆਪਣੇ ਆਪਣੇ ਕਿਤਿਆਂ ਵਿਚ ਅਹਿਮ ਪੁਜੀਸ਼ਨਾਂ ‘ਤੇ ਹਨ।ਹੁਣੇ ਜਿਹੇ ਬੈਂਕਾਕ (ਥਾਈਲੈਂਡ) ਵਿਖੇ ਆਯੋਜਿਤ 31ਵੀਂ ਇੰਟਰਨੈਸ਼ਨਲ ਕਾਨਫਰੰਸ ਆਨ ਬਿਜ਼ਨਸ ਇਕਨਾਮਿਕਸ ਐਂਡ ਹਿੳਮੈਨੇਟੀਜ਼ ਵਿਖੇ ਭਾਰਤੀ ਛੋਟੇ ਉਦਯੋਗ ਖੇਤਰ ਵਿਚ ਆਰਥਿਕ ਸੁਧਾਰ ਅਤੇ ਉਦਯੋਗਿਕ ਕਮਜ਼ੋਰੀ ਵਿਸ਼ੇ ‘ਤੇ ਉਨ੍ਹਾਂ ਨੂੰ ਬੈਸਟ ਪੇਪਰ ਐਵਾਰਡ ਮਿਲਿਆ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਉਨ੍ਹਾਂ ਦੀ ਇਹ ਕੋਸ਼ਿਸ਼ ਹੋਵੇਗੀ ਕਿ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਖੋਜ ਵਿਚ ਤਰੱਕੀ ਲਈ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨਾਲ ਨੇੜਲੇ ਸਬੰਧ ਪੈਦਾ ਕੀਤੇ ਜਾਣ।ਇਸ ਕਾਰਜ ਵਿਚ ਉਨ੍ਹਾਂ ਕਿਹਾ ਕਿ ਅਲੂਮਿਨੀ ਨੂੰ ਯੂਨੀਵਰਸਿਟੀ ਵਿਖੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਵਿਦਿਆਰਥੀਆਂ ਨਾਲ ਸਾਂਝ ਪੈਦਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਜਾਵੇਗਾ।ਉਹ ਅਲੂਮਿਨੀ ਨੂੰ ਬੇਨਤੀ ਕਰਨਗੇ ਕਿ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀ ਹਨ ਉਨ੍ਹਾਂ ਨੂੰ ਅਕਾਦਮਿਕ ਅਤੇ ਵਿਤੀ ਮਦਦ ਪ੍ਰਦਾਨ ਕਰਨ।ਅੰਤ ਵਿਚ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜਲਦੀ ਹੀ ਉਹ ਯੂਨੀਵਰਸਿਟੀ ਪੱਧਰ ਅਤੇ ਵਿਭਾਗਾਂ ਦੀ ਅਲੀਮਿਨੀ ਮੀਟ (ਪੁਰਾਣੇ ਵਿਦਿਆਰਥੀਆਂ ਦੀ ਮਿਲਣੀ) ਕਰਵਾਉਣ ਦਾ ਉਪਰਾਲਾ ਕਰਨਗੇ ਤਾਂ ਜੋ ਯੂਨੀਵਰਸਿਟੀ ਅਕਾਦਮਿਕਤਾ ਅਤੇ ਖੋਜ ਵਿਚ ਹੋਰ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media