
ਅੰਮਿ੍ਤਸਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਪਾਰਟੀ ਅਤੇ ਸਰਕਾਰ ’ਤੇ ਧੱਕੇ ਨਾਲ ਬੇਅਦਬੀਆਂ ਕਰਾਉਣ ਦਾ ਦੋਸ਼ ਲਾਉਂਦਿਆਂ ਹਲਕਾ ਕਾਦੀਆਂ ਅੰਦਰ ਪੈਂਦੇ ਇਤਿਹਾਸਕ ਅਸਥਾਨ ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਡੀ.ਐਸ.ਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਅਤੇ ਇਨਸਾਫ਼ ਹਿਤ ਸਖ਼ਤ ਐਕਸ਼ਨ ਦੀ ਚਿਤਾਵਨੀ ਦਿੱਤੀ ਹੈ।
ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਗ੍ਰਹਿ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਅਤੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕਵਲਜੀਤ ਸਿੰਘ ਕਾਕੀ ਨੇ ਕਿਹਾ ਕਿ ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨ: ਸਕੱਤਰ ਅਤੇ ਬਾਜਵਾ ਦੇ ਨਜਦੀਕੀ ਬੂਟਾ ਸਿੰਘ ਵਾਸੀ ਪਿੰਡ ਚਾਵਾਂ ਦੇ ਇੱਕ ਔਰਤ ਨਾਲ ਗੁਰਦਵਾਰਾ ਸਾਹਿਬ ਅੰਦਰ ਇਤਰਾਜ਼ਯੋਗ ਹਾਲਤ ਵਿੱਚ ਫੜੇ ਜਾਣ ਕਾਰਨ ਵਾਪਰੀ ਅਸਹਿਯੋਗ ਸਥਿਤੀ (ਜਿਸ ਲਈ ਦੋਸ਼ੀਆਂ ਨੇ ਜ਼ੁਲਮ ਕਬੂਲ ਕਰਦਿਆਂ ਲਿਖਤੀ ਮੁਆਫ਼ੀ ਮੰਗੀ ਅਤੇ ਪੁਲੀਸ ਨੇ 24 ਘੰਟੇ ਬਾਅਦ ਕੇਸ ਵੀ ਦਰਜ ਕੀਤਾ) ਲਈ ਪਸ਼ਚਾਤਾਪ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਦਿਸ਼ਾ ਨਿਰਦੇਸ਼ ਨੂੰ ਮੁੱਖ ਰੱਖ ਕੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖਾਸਮ ਖਾਸ ਬਲਵਿੰਦਰ ਸਿੰਘ ਭਿੰਦਾ ਵਲੋਂ ਸ਼ਰਾਬ ਪੀ ਕੇ ਜੋੜਿਆਂ ਸਮੇਤ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੋ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਅਖੰਡ ਪਾਠ ਕਰ ਰਹੇ ਪਾਠੀ ਸਿੰਘ ਦਾ ਅਪਮਾਨ ਕਰਦਿਆਂ ਅਖੰਡ ਪਾਠ ਨੂੰ ਖੰਡਿਤ ਕੀਤਾ ਗਿਆ ਉਸ ਵਕਤ ਬਾਜਵਾ ਬਾਹਰ ਮੌਜੂਦ ਸਨ। ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਦੋਵਾਂ ਨੂੰ ਤਲਬ ਕਰਨ ਦੀ ਅਪੀਲ ਕਰਦੇ ਹਨ।ਮਜੀਠੀਆ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਸੰਬੰਧੀ ਜਦ ਕਲ 20 ਅਗਸਤ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਗਤ ਦਾ ਸੱਦਾ ਪ੍ਰਵਾਨ ਕਰ ਕੇ ਉਥੇ ਪਹੁੰਚੇ ਤਾਂ ਪੁਲੀਸ ਨੇ ਉਹਨਾਂ ਨੂੰ ਮੌਕੇ ’ਤੇ ਜਾਣ ਤੋਂ ਰੋਕਿਆ ਗਿਆ।ਉਕਤ ਘਟਨਾ ਲਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਰਾ ਸਮੇਤ 25 ਵਿਅਕਤੀਆਂ ਅਤੇ 250 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ।ਉਹਨਾਂ ਦੱਸਿਆ ਕਿ ਜਿਨਾਂ ਅਕਾਲੀ ਵਰਕਰਾਂ ਅਤੇ ਸੰਗਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਹ ਜ਼ਮਾਨਤਾਂ ਨਹੀਂ ਕਰਾਉਣਗੇ ਅਤੇ ਗਿ੍ਰਫ਼ਤਾਰੀ ਲਈ ਅਗੇ ਆਉਣਗੇ।
ਉਹਨਾਂ ਦੱਸਿਆ ਕਿ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਬਾਜਵਾ ਦੇ ਸਾਥੀ ਮਾਸਟਰ ਜੌਹਰ ਸਿੰਘ ਨੇ ਵੀ ਆਪਣੇ ਦਫ਼ਤਰ ਦੇ ਬਾਥਰੂਮ ਨੂੰ ਅਸ਼ਲੀਲ ਸੀਟ ਲਗਾ ਕੇ ਰਖਣਾ ਸਿਖ ਭਾਵਨਾਵਾਂ ਦੀ ਤੌਹੀਨ ਹੈ।ਉਹਨਾਂ ਕਿਹਾ ਕਿ ਉਕਤ ਗੁਰਦਵਾਰਾ ਸਾਹਿਬ ’ਚ ਜੋ ਵੀ ਹੋ ਰਿਹਾ ਹੈ ਉਹ ਬਾਜਵਾ ਦੇ ਇਸ਼ਾਰਿਆਂ ’ਤੇ ਹੋ ਰਿਹਾ ਹੈ ਅਤੇ ਕੁੱਝ ਅਖੌਤੀ ਜਥੇਦਾਰ ਤੇ ਅਖੌਤੀ ਪੰਥਕ ਆਗੂ ਰਾਜ ਦੇ ਮਾਹੌਲ ਨੂੰ ਖਰਾਬ ਕਰਨ ਵਿੱਚ ਬਾਜਵਾ ਦਾ ਪੂਰਾ ਪੂਰਾ ਸਾਥ ਦੇਣ ਲਈ ਉਸ ਦੇ ਹੀ ਕਾਦੀਆਂ ਵਾਲੇ ਘਰ ਵਿੱਚ ਪਲੈਨਿੰਗ ਨੂੰ ਅੰਜਾਮ ਦੇ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ 28 ਤੱਕ ਦੂਜੀ ਧਿਰ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਹੁਣ ਸੰਗਤ ਵਲੋਂ ਇੱਕ ਮਤੇ ਰਾਹੀਂ ਮੌਜੂਦਾ ਗੁਰਦਆਰਾ ਕਮੇਟੀ ਭੰਗ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਜੇ ਕਿਸੇ ਨੇ ਧੱਕੇ ਨਾਲ ਗੁਰ ਅਸਥਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕਰਾਂਗੇ। ਪਹਿਲਾ ਜਥਾ ਲੈ ਕੇ ਉਹ ਆਪ ਜਾਣਗੇ।ਇਸ ਮੌਕੇ ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਸੁਖਬੀਰ ਸਿੰਘ ਵਾਹਲਾ, ਬਾਬਾ ਨਥਾ ਸਿੰਘ ਸੀ: ਮੀਤ ਪ੍ਰਧਾਨ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media