ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ
ਸਾਹਿਬ ਵਿਖੇ ਆਖਿਆ ਹੈ ਕਿ ਸੋਦਾ ਅਸਾਧ ਸਬੰਧੀ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਇਸ ਨਾਲ ਆਮ ਆਦਮੀ ਦਾ ਮਨੋਬਲ ਵਧਿਆ ਹੈ ਅਤੇ ਕੋਰਟ ਉਪਰ ਵਿਸ਼ਵਾਸ਼ ਬਣਿਆ ਹੈ।ਇਸ ਫੈਸਲੇ ਨਾਲ ਸਿੱਖਾਂ ਵਿਚ ਖੁਸ਼ੀ ਦਾ ਮਾਹੋਲ ਬਣਿਆ ਹੈ।ਜਥੇਦਾਰ ਨੇ ਕਿਹਾ ਕਿ ਜੋ ਲੋਕ ਗੁਰੂ ਨਾਲੋਂ ਟੁੱਟ ਗਏ ਸਨ, ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਗਾਉਣ ਲਈ ਉਪਰਾਲੇ ਕੀਤੇ ਜਾਣਗੇ।ਉਨਾਂ ਨੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਕਿਹਾ ਹੈ ਕਿ ਸ਼੍ਰੋੋਮਣੀ ਕਮੇਟੀ ਵੱਲੋਂ ਯੋਗ ਉਪਰਾਲੇ ਕੀਤੇ ਜਾਣ ਅਤੇ ਜਗ੍ਹਾ-ਜਗ੍ਹਾ ਉਸ ਇਲਾਕੇ ਵਿਚ ਗੁਰਮਤਿ ਸਮਾਗਮ ਕਰਕੇ ਸੰਗਤਾਂ ਨੂੰ ਗੁਰਮਤਿ ਸਬੰਧੀ ਜਾਗਰੂਕ ਕੀਤਾ ਜਾਵੇ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਬੰਧ ਕੇਵਲ ਧਾਰਮਿਕ ਮਸਲਿਆਂ ਨਾਲ ਹੈ, ਅਪਰਾਧਿਕ ਮਸਲਿਆਂ ਨਾਲ ਨਹੀਂ।ਜੇਕਰ ਕੋਈ ਸਾਡੇ ਧਰਮ ਸਬੰਧੀ ਅਜਿਹੀ ਗੱਲ ਕਰੇਗਾ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਦੀ ਹੈ ਤਾਂ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਥੇਦਾਰ ਨੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਲ ਦੇ ਸਬੰਧ ਵਿਚ ਬੋਲਦਿਆਂ ਕਿਹਾ ਕਿ ਪ੍ਰਧਾਨ ਮਾਸਟਰ ਗੋਹਰ ਸਿੰਘ ਮਿੱਥੇ ਸਮੇਂ ਅਨੁਸਾਰ 28 ਅਗਸਤ 2017 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਨਹੀਂ ਹੋਏ।ਇਸ ਲਈ ਇਨ੍ਹਾਂ ਨੂੰ 7 ਸਤੰਬਰ 2017 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।ਜੇਕਰ ਉਹ ਇਸ ਦਿੱਤੇ ਸਮੇਂ ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਨਹੀਂ ਹੁੰਦੇ ਤਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਇਸ ਸਬੰਧੀ ਕੋਈ ਠੋਸ ਫੈਸਲਾ ਲਿਆ ਜਾਵੇਗਾ।
ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਉਸ ਨੂੰ ਮੁਆਫੀ ਨਹੀਂ ਦਿੱਤੀ ਗਈ ਸੀ ਬਲਕਿ ਪੱਤਰ ਭੇਜਣ ਦਾ ਸਵਾਗਤ ਕੀਤਾ ਗਿਆ ਸੀ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media