ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਭਾਈਚਾਰੇ ਦੇ ਸਾਂਝੇ ਹਨ ਅਤੇ ਆਤਮਿਕ ਭੰਡਾਰ ਹਨ। ਸਮੁੱਚੀ ਮਨੁੱਖਤਾ ਅੱਗੇ
ਰੂਹਾਨੀਅਤ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਹੈ।ਆਤਮਿਕ ਅਹਾਰ ਛਕਣ ਵਾਲੇ ਪ੍ਰਾਣੀਆਂ ਨੂੰ ਇਹ ਸੰਸਾਰ ਖਿਲਾਰਾ ਨਹੀਂ ਬਲਕਿ ਬ੍ਰਹਮ ਪਸਾਰਾ ਨਜ਼ਰੀ ਆਂਵਦਾ ਹੈ।ਇਸ ਗੁਰੂ ਗ੍ਰੰਥ ਦਾ ਗੁਰੂ-ਪੰਥ ਸਦਾ ਸਰਬੱਤ ਦਾ ਭਲ਼ਾ ਮੰਗਦਾ ਹੈ।ਇਸ ਨਜ਼ਰੀਏ ਕਾਰਣ ਗੁਰੂ-ਪੰਥ ਨਿਆਰਾ ਹੈ ਅਤੇ ਨਿਆਰੇਪਣ ਲਈ ਆਪਣੇ ਆਪ ਨੂੰ ਇਕਸੁਰਤਾ ਤੇ ਇਕਸਾਰਤਾ’ਤੇ ਵੀ ਕੇਂਦ੍ਰਿਤ ਕਰਦਾ ਹੈ।ਇਸੇ ਸੰਜ਼ਮੀ ਤੇ ਸੁਹਿਰਦ ਸੋਚ ਚੋਂ ਕੌਮ ਨੇ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਲਿਆਂਦਾ।ਭਾਵੇਂ ਪੰਥ ਵਿਰੋਧੀ ਸ਼ਕਤੀਆਂ ਦੇ ਅਸਰ ਹੇਠ ਇਸ ਕੈਲੰਡਰ ਨੂੰ ਮਿਲਗੋਭਾ ਕਰਨ ਦੇ ਹਥਕੰਡੇ ਅਪਣਾਏ ਗਏ ਹਨ।ਪਰ ਪੰਥ-ਦਰਦੀ ਸੰਸਥਾਵਾਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਦਿਆਂ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਜਿਸ ਲਈ ਸਿੱਖ ਜਗਤ ਵਧਾਈ ਦਾ ਪਾਤਰ ਹੈ।ਪੰਥਕ ਤਾਲਮੇਲ ਸੰਗਠਨ ਸਮੁੱਚੇ ਸਭ ਜਗਤ ਨੂੰ ਵੀ ਵਧਾਈ ਦੇਂਦਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਦੀ ਕੋਰ ਕਮੇਟੀ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਕੌਮੀ ਇਕਸੁਰਤਾ ਲਈ ਅਤਿ ਢੁਕਵਾਂ ਹੈ।ਇਸ ਨਾਲ ਗੁਰਪੁਰਬ ਤੇ ਇਤਿਹਾਸਕ ਦਿਹਾੜ੍ਹੇ ਮਨਾਉਣ ਲਈ ਤਰੀਕਾਂ ਦੇ ਪੈਂਦੇ ਭੁਲੇਖੇ ਦੂਰ ਹੁੰਦੇ ਹਨ। ਕੌਮ ਦੇ ਬੱਚੇ ਬੱਚੇ ਨੂੰ ਤਰੀਖਾਂ ਯਾਦ ਹੋ ਜਾਂਦੀਆਂ ਹਨ ਕਿ ਕਦੋਂ ਕਿਹੜਾ ਦਿਹਾੜਾ ਮਨਾਉਣਾ ਹੈ।ਬੱਚਿਆਂ ਦੇ ਪ੍ਰਸ਼ਨ ਵੀ ਹਨ ਕਿ ਜਦ ਹਰ ਮਨੁੱਖ ਦੇ ਜਨਮ ਦਿਨ, ਵਿਆਹ ਦਿਨ ਤੇ ਮਰਨ ਦਿਨ ਦੀਆਂ ਤਰੀਖਾਂ ਉਹੀ ਰਹਿੰਦੀਆਂ ਹਨ ਤਾਂ ਸਿੱਖ ਧਰਮ ਅੰਦਰ ਮਨਾਏ ਜਾਣ ਵਾਲੇ ਦਿਹਾੜੇ ਮਹੀਨਿਆਂ ਬੱਧੀ ਅੱਗੇ ਪਿੱਛੇ ਕਿਉਂ ਹੁੰਦੇ ਹਨ।ਇਹ ਵੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੇ ਸਾਲ ਵਿਚ ਦੋ ਵਾਰੀ ਆਉਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ ਹੈ।ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ’ਤੇ ਵੀ ਬੱਚਿਆਂ ਨੇ ਪ੍ਰਸ਼ਨ ਖੜਾ ਕੀਤਾ ਹੈ ਕਿ ਇਹ ਤਾਂ ਹਰ ਸਾਲ 1 ਸਤੰਬਰ ਨੂੰ ਹੁੰਦਾ ਹੈ, ਇਸ ਵਾਰੀ ਇਸ ਕੈਲੰਡਰ ਨੂੰ ਹੋਂਦ ਵਿਚ ਲਿਆਉਣ ਵਾਲੀ ਸ਼ਰੋਮਣੀ ਕਮੇਟੀ ਨੇ ਹੀ ਪਹਿਲਾਂ ਕਿਉਂ ਮਨਾਇਆ ਹੈ।ਇਸੇ ਕਰਕੇ ਸੰਗਠਨ ਕੌਮ ਦੇ ਦਾਨੇ ਸੱਜਣਾਂ ਅਤੇ ਸਿੱਖ ਸੰਸਥਾਵਾਂ ਨੂੰ ਵਾਰ ਵਾਰ ਅਪੀਲ ਕਰਦਾ ਹੈ ਅਤੇ ਉਹਨਾਂ ਤੋਂ ਆਸ ਕਰਦਾ ਹੈ ਕਿ ਉਹ ਕੌਮੀ ਪਿਆਰ ਇਤਫ਼ਾਕ ਲਈ ਮੂਲ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media