ਬਠਿੰਡਾ, 6 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖ ਸਦਭਾਵਨਾ ਦਲ ਦੇ ਮੋਹਤਬਰ ਮੈਂਬਰਾਂ ਵਲੋਂ ਡੀ.ਸੀ ਬਠਿੰਡਾ ਨੂੰ ਮੰਗ
ਪੱਤਰ ਦਿੱਤਾ ਗਿਆ।ਜਿਲਾ ਪ੍ਰਧਾਨ ਭਾਈ ਰਮਨਦੀਪ ਸਿੰਘ ਰਮੀਤਾ ਅਤੇ ਤਲਵੰਡੀ ਸਾਬੋ ਤੋਂ ਪ੍ਰਧਾਨ ਭਾਈ ਜੱਸਾ ਸਿੰਘ ਜਗਾਰਾਮ ਤੀਰਥ ਦੀ ਅਗਵਾਈ ਵਿੱਚ ਡੀ.ਸੀ ਨੂੰ ਮੰਗ ਪੱਤਰ ਦੇਣ ਮੌਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵਲੋਂ ਕਿਹਾ ਗਿਆ ਕਿ ਅਧਾਰ ਕਾਰਡ ਸਮੇਤ ਪੰਜਾਬ ਵਿਚ ਪੰਜਾਬੀ ਭਾਸਾ ਲਾਗੂ ਕਰਵਾਉਣ, ਵਿਵਾਦਿਤ ਨਾਮਧਾਰੀ ਦਲੀਪ ਸਿੰਘ ਦਾ ਪੰਜਾਬ ਵਿਚ ਦਾਖਲਾ ਬੰਦ ਕਰਵਾਉੋਣ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਉੱਚਤ ਕਦਮ ਚੁੱਕੇ ਜਾਣ।ਉਨਾਂ ਕਿਹਾ ਕਿ ਪੰਜਾਬ ਦੇ ਹਰ ਸਕੂਲ ਵਿਚ ਪੰਜਾਬੀ ਪੜਾਈ ਦਾ ਵਿਸ਼ਾ ਲਾਜਮੀ ਕੀਤੇ ਜਾਣ ਦਾ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਵਾਇਆ ਗਿਆ ਸੀ, ਪਰ ਅੱਜ ਕੁੱਝ ਪ੍ਰਾਈਵੇਟ ਸਕੂਲ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਹੁਣ ਕੇਂਦਰ ਸਰਕਾਰ ਨੇ ਵੀ ਪੰਜਾਬੀ ਭਾਸ਼ਾ ਤੇ ਸਿੱਧਾ ਹਮਲਾ ਕਰਦਿਆਂ ਅਧਾਰ ਕਾਰਡ ਤੇ ਵੀ ਪੰਜਾਬ ਵਿਚ ਹਿੰਦੀ ਭਾਸ਼ਾ ਦੀ ਵਰਤੋਂ ਕਰਨ ਦੀ ਗੱਲ ਕੀਤੀ ਹੈ, ਜਦੋਂ ਕਿ ਹਿੰਦੀ ਦੇ ਨਾਲ ਸੂਬੇੋ ਦੀ ਖੇਤਰੀ ਭਾਸ਼ਾ ਦੀ ਵਰਤੋਂ ਵੀ ਲਾਜਮੀ ਹੁੰਦੀ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਨਾਮਧਾਰੀ ਸੰਪਰਦਾ ਦੇ ਵਿਵਾਦਿਤ ਆਗੂ ਠਾਕੁਰ ਸਿੰਘ ਨੇ ਸਿਰਸਾ ਵਿਖੇ ਅੰਮਿ੍ਰਤਧਾਰੀ ਬੀਬੀਆਂ ਤੋਂ ਅੰਮਿ੍ਰਤ ਛਕਾ ਕੇ ਸਿਖ ਰਹਿਤ ਮਰਯਾਦਾ ਨੂੰ ਚੁਣੌਤੀ ਦਿੱਤੀ ਸੀ, ਜਿਸ ਸਬੰਧੀ ਇਕ ਵੀਡਿਓ ਵੀ ਵਾਇਰਲ ਹੋਈ ਸੀ।ਇਸ ਤੋਂ ਇਲਾਵਾ ਇਸ ਨੇ ਇਸ ਵੀਡਿਓ ਰਾਹੀ ਜਬਰ ਜਨਾਹ ਦੇ ਕੇਸ ਵਿਚ ਜੇਲ ਅੰਦਰ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਪੂਰਨ ਸਮਰਥਨ ਦੇਣ ਦੀ ਗੱਲ ਕਹੀ ਸੀ ਜੋ ਕਿ ਸੋਸ਼ਲ ਮੀਡੀਏ `ਤੇ ਵਾਇਰਲ ਹੋਈ ਸੀ।ਦਲ ਵਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਤੇ ਮੰਗ ਕੀਤੀ ਗਈ ਸੀ ਕਿ ਇਸ ਵਿਵਾਦਿਤ ਦਲੀਪ ਸਿੰਘ ਦਾ ਪੰਜਾਬ ਅੰਦਰ ਦਾਖਲਾ ਬੰਦ ਕੀਤਾ ਜਾਵੇ। ਆਗੂਆਂ ਨੇ ਅੱਗੇ ਕਿਹਾ ਕਿ ਭਾਰਤ ਦੇ ਪੂਰਬੀ ਹਿਸੇ ਵਿਚ ਸਿੱਕਮ ਰਾਜ ਵਿਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਜਮੀਨ `ਤੇ ਕਬਜਾ ਕਰਕੇ ਗੁਰਦੁਆਰਾ ਸਾਹਿਬ ਨੂੰ ਮੰਦਰ ਵਿਚ ਤਬਦੀਲ ਕੀਤੇ ਜਾਣਾ, ਸਿੱਖ ਪੰਥ ਤੇ ਸਿੱਧਾ ਹਮਲਾ ਹੈ।ਆਗੂਆਂ ਨੇ ਡੀ.ਸੀ ਬਠਿੰਡਾ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਉਹ ਗ੍ਰਹਿ ਮੰਤਰੀ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਇਸ ਸਬੰਧੀ ਨਿੱਜੀ ਤੌਰ `ਤੇ ਦਖਲ ਦੇ ਕੇ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਬਹਾਲ ਕਰਵਾਉਣ ਅਤੇ ਸਿਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ। ਇਸ ਮੌਕੇ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ, ਅਜੈਬ ਸਿੰਘ, ਜਸਪਾਲ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ ਖਾਲਸਾ, ਸਤਵਿੰਦਰ ਸਿੰਘ ਗਿੱਲ ਪੱਤੀ, ਰਾਜਵੀਰ ਸਿੰਘ, ਧਰਮ ਸਿੰਘ ਨਵਾਂ ਪਿੰਡ ਆਦਿ ਮੈਂਬਰ ਹਾਜਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media