ਬਠਿੰਡਾ, 6 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਨੇਤਰ ਦਾਨ ਪੰਦਰਵਾੜੇ ਤਹਿਤ ਸਿਵਲ ਸਰਜਨ
ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ ਰੇਖ ਹੇਠ ਟਰੱਕ ਯੁਨੀਅਨ ਬਠਿੰਡਾ ਵਿਖੇ ਨੇਤਰ ਦਾਨ, ਮਹਾਂ ਦਾਨ ਦੇ ਬੈਨਰ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਅਤੇ ਡਰਾਈਵਰਜ਼ ਵੱਲੋਂ ਸ਼ਿਰਕਤ ਕੀਤੀ ਗਈ।ਸਿਹਤ ਵਿਭਾਗ ਵਲੋਂ ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਓਪਥੈਲਮਿਕ ਅਫਸਰ ਸਵਤੰਤਰ ਗੁਪਤਾ, ਅੱਖਾਂ ਦੇ ਮਾਹਿਰ ਡਾ. ਡਿੰਪੀ ਕੱਕੜ ਵਲੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਓਪਥੈਲਮਿਕ ਅਫਸਰ ਵੱਲੋਂ ਨੇਤਰ ਦਾਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ ਨੇਤਰ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਤਹਿਤ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਉਂਦੇ ਜੀਅ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਜਰੂਰੀ ਹੈ।ਇਕ ਆਦਮੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਆਦਮੀ ਨੂੰ ਨਵੀਂ ਜਿੰਦਗੀ ਮਿਲ ਸਕਦੀ ਹੈ ਜੋ ਕਿ ਬੜਾ ਪੁੰਨ ਵਾਲਾ ਕਾਰਜ ਹੈ ।ਅੱਖਾਂ ਦਾ ਦਾਨ ਮੌਤ ਉਪਰੰਤ 6 ਘੰਟੇ ਦੇ ਅੰਦਰ ਅੰਦਰ ਕੀਤਾ ਜਾ ਸਕਦਾ ਹੈ ।ਡਾ. ਡਿੰਪੀ ਕਕੜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਹਰ ਘਰ ਵਿੱਚ ਛੋਟੇ ਅਤੇ ਵਡੇ ਨੂੰ ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਜਿਸ ਵਿਅਕਤੀ ਵੱਲੋਂ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਜਾਂਦਾ ਹੈ ਉਹ ਇਹ ਗੱਲ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਜਰੂਰ ਸਾਂਝੀ ਕਰੇ ।ਜੇਕਰ ਸਾਡੇ ਪਰਿਵਾਰ, ਰਿਸ਼ਤੇਦਾਰੀ ਜਾਂ ਆਂਢ-ਗੁਆਂਢ ਵਿੱਚ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਪਰਿਵਾਰ ਨੂੰ ਸਬੰਧਤ ਵਿਅਕਤੀ ਦੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਉਨਾਂ ਦਸਿਆ ਕਿ ਅਖਾਂ ਦੀ ਕਿਸੇ ਵੀ ਪ੍ਰਕਾਰ ਦੀ ਤਕਲੀਫ ਲਈ ਹਮੇਸ਼ਾ ਹੀ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਕਿਸੇ ਵੀ ਦੇਸੀ ਇਲਾਜ ਜਾਂ ਅਨਟ੍ਰੇਂਡ ਵਿਅਕਤੀ ਤੋਂ ਕੋਈ ਵੀ ਦਵਾਈ ਆਦਿ ਨਾ ਲਈ ਜਾਵੇ।ਕਣ ਆਦਿ ਪੈਣ ਦੀ ਸੂਰਤ ਵਿਚ ਅੱਖਾਂ ਨੂੰ ਮਸਲਿਆ ਨਾ ਜਾਵੇ, ਠੰਡੇ ਪਾਣੀ ਨਾਲ ਅੱਖ ਧੋਣ ਉਪਰੰਤ ਅੱਖਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਤੋਂ ਕਰਵਾਈ ਜਾਵੇ।ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦਸਿਆ ਕਿ ਅੱਖਾਂ ਦਾਨ ਕਰਨ ਲਈ ਸਿਵਲ ਹਸਪਤਾਲ ਬਠਿੰਡਾ ਦੀ ਆਈ ਟੀਮ ਜਾ ਨੇੜੇ ਦੀ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਕਿਰਪਾਲ ਸਿੰਘ ਅਤੇ ਬਲਜੀਤ ਸਿੰਘ ਵਲੋਂ ਅੱਖਾਂ ਦਾਨ ਕਰਨ ਸਬੰਧੀ ਫਾਰਮ ਵੀ ਭਰੇ ਗਏ।ਇਸ ਮੌਕੇ ਕੁਲਵੰਤ ਸਿੰਘ ਡਿਪਟੀ ਐਮ.ਈ.ਆਈ.ਓ, ਜਗਦੀਸ਼ ਰਾਮ, ਅਜਾਇਬ ਸਿੰਘ ਅਤੇ ਹੈਡ ਮੁਨਸ਼ੀ ਸੁੁਭਾਸ਼ ਕੁਮਾਰ, ਹਰਜਿੰਦਰ ਸਿੰਘ ਅਤੇ ਮੈਂਬਰ ਰਾਜ ਕੁਮਾਰ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media