ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਖ਼ਾਲਸਾ ਕਾਲਜ ਵਿਖੇ ਲੜਕੇ ਅਤੇ ਲੜਕੀ ਦੇ ਭੇਦਭਾਵ ਤੋਂ ਉਪਰ ਉਠ ਕੇ ਸਮਾਨਤਾ ਦੇ ਉਦੇਸ਼ ਲਈ ਬਣਾਏੇ ਜੈਂਡਰ ਚੈਂਪੀਅਨਜ਼ ਕਲੱਬ ‘ਜੈਂਡਰ ਬਰਾਬਰੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਿਤ ਕੀਤਾ ਗਿਆ, ਜਿਸ ’ਚ ਐਚ.ਐਸ ਨੰਦਾ ਆਈ.ਏ.ਐਸ ਸਾਬਕਾ ਕਮਿਸ਼ਨਰ ਜਲੰਧਰ ਡਵੀਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ’ਚ ਸਾਨੂੰ ਆਪਣੀ ਪਿਛਾਹ-ਖਿੱਚੂ ਸੋਚ ਨੂੰ ਬਦਲ ਕੇ ਸਮੇਂ ਦੇ ਹਾਣੀ ਬਣਨਾ ਪਵੇਗਾ।ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਇਸਤਰੀ ਦੇ ਭੇਦ ਵਾਲੀ ਪੱਖਪਾਤੀ ਦ੍ਰਿਸ਼ਟੀ ਨੂੰ ਬਦਲ ਕੇ ਜ਼ੈਡਰ ਬਰਾਬਰੀ ਨੂੰ ਅਪਣਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਹਮੇਸ਼ਾਂ ਯੁੱਗ ਪਲਟਾਊ ਕੰਮ ਕੀਤੇ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਜੈਂਡਰ ਬਰਾਬਰੀ ਲਈ ਭਰਪੂਰ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਜੈਡਰ, ਸਰੀਰਕ ਜਾਂ ਆਰਥਿਕ ਹੀਣਤਾ ਨੂੰ ਤਿਆਗ ਕੇ ਆਪਣੇ ਸੁਪਨੇ ਪੁਰੇ ਕਰਨ ਲਈ ਇਕਾਗਰਤਾ ਨਾਲ ਜੁੱਟ ਜਾਣਾ ਚਾਹੀਦਾ ਹੈ ਕਿਉਂਕਿ ਬੁਲੰਦ ਇਰਾਦਿਆਂ ਅੱਗੇ ਕੋਈ ਮਜ਼ਬੂਰੀ ਠਹਿਰ ਨਹੀਂ ਸਕਦੀ।
ਇਸ ਮੌਕੇ ਮੁੱਖ ਮਹਿਮਾਨ ਨੂੰ `ਜੀ ਆਇਆਂ` ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੈਂਡਰ ਚੈਂਪੀਅਨਜ਼ ਕਲੱਬ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਜੈਂਡਰ ਬਰਾਬਰੀ ਨੂੰ ਵਿਹਾਰ ’ਚ ਢਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਗੱਲੋਂ ਘੱਟ ਨਹੀਂ ਹਨ, ਸਗੋਂ ਔਰਤਾਂ ਵੱਡੀਆਂ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਵਧੇਰੇ ਇਮਾਨਦਾਰ ਸਾਬਤ ਹੋਈਆਂ ਹਨ।
ਇਸ ਮੌਕੇ ਜੈਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਮੁੱਖ ਮਹਿਮਾਨ ਨਾਲ ਜਾਣ-ਪਣਾਣ ਕਰਵਾਉਦਿਆਂ ਕਿਹਾ ਕਿ ਸਮਾਜ ਨੂੰ ਇਸਤਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਸੋਚ ਨੂੰ ਬਦਲਣਾ ਪਵੇਗਾ। ਜੈਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਪਰਮਿੰਦਰ ਸਿੰਘ ਨੇ ਆਖਿਆ ਕਿ ਜੈਂਡਰ ਪੱਖਪਾਤ ਨੂੰ ਖਤਮ ਕਰਨ ਲਈ ਸਾਨੂੰ ਅਚੇਤ ਮਨ ’ਚ ਬੱਝੀਆਂ ਗੰੰਢਾਂ ਖੋਲ੍ਹਣੀਆਂ ਪੈਣਗੀਆਂ। ਇਸ ਮੌਕੇ ਪ੍ਰਿੰਸੀਪਲ ਅਤੇ ਸ: ਨੰਦਾ ਵੱਲੋਂ ਜੈਂਡਰ ਚੈਂਪੀਅਨਜ਼ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਭਾਸ਼ਣ ਉਪਰੰਤ ਪ੍ਰਿੰ: ਡਾ. ਮਹਿਲ ਸਿੰਘ ਅਤੇ ਪ੍ਰੋ. ਸੁਖਮੀਨ ਬੇਦੀ ਨੇ ਸ: ਨੰਦਾ ਨੂੰ ਕਾਲਜ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਸ਼ਵਿਤਾ, ਪ੍ਰੋ ਨਵਜੋਤ ਕੌਰ ਤੋਂ ਇਲਾਵਾ ਜੈਂਡਰ ਚੈਪੀਅਨਜ਼ ਸ਼ਿਵਦੀਪ ਸਿੰਘ ਤੇ ਸ਼ਰੀਆ ਅਤੇ ਕਲੱਬ ਮੈਂਬਰ ਵੀ ਹਾਜ਼ਰ ਸਨ। ਸ਼ਰੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
Punjab Post Daily Online Newspaper & Print Media