Saturday, March 28, 2026

ਗਿਆਨੀ ਗੁਰਮੁੱਖ ਸਿੰਘ ਦੇ ਮਨ ’ਚ ਅਵੱਗਿਆ ਦਾ ਬੋਝ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵੇ – ਅਭਿਆਸੀ, ਸਰਚਾਂਦ

ਅੰਮਿ੍ਤਸਰ, 13 ਸਤੰਬਰ (ਪੰਜਾਬ ਪੋਸਟ ਬਿਊੋਰੋ) – ਦਮਦਮੀ ਟਕਸਾਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ Abhiasi- Sarchndਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਵਲੋਂ ਪਿੰਡ ਡਾਲਾ (ਮੋਗਾ) ਵਿਖੇ ਅੰਮ੍ਰਿਤ ਸੰਚਾਰ ਕਰ ਰਹੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਨੂੰ ਪੰਥ ਵਿੱਚ ਨਵੀਂ ਰੀਤ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।ਉਨਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਉਕਤ ਮਸਲੇ ਪ੍ਰਤੀ ਸਖ਼ਤ ਨੋਟਿਸ ਲੈਣ ਤੇ ਉਸ ਨੂੰ ਸੇਵਾ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਕਰਨ।
ਉਕਤ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਿਆਂ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਉਹਨਾਂ ਨੇ ਕਿਹਾ ਕਿ ਵਿਧੀ ਵਿਧਾਨ ਅਨੁਸਾਰ ਅੰਮਿ੍ਰਤ ਸੰਚਾਰ ਮੌਕੇ ਪੰਜ ਪਿਆਰਿਆਂ ਸਨਮੁੱਖ ਉਹੀ ਪੇਸ਼ ਹੁੰਦਾ ਹੈ, ਜਿਸ ਅੰਮਿ੍ਰਤਧਾਰੀ ਸਿੰਘ ਜਾਂ ਸਿੰਘਣੀ ਕੋਲੋਂ ਜਾਣੇ ਅਨਜਾਣੇ ’ਚ ਰਹਿਤ ਵਿੱਚ ਕੋਈ ਧਾਰਮਿਕ ਅਵੱਗਿਆ ਹੋਈ ਹੋਵੇ ਅਤੇ ਉਸ ਨੇ ਭੁੱਲ ਬਖ਼ਸ਼ਾਉਣੀ ਹੋਵੇ।ਅਗਰ ਕਿਸੇ ’ਤੋਂ ਕੋਈ ਸਮਾਜਿਕ  ਜਾਂ ਪੰਥਕ ਅਵੱਗਿਆ ਹੋਈ ਹੋਵੇ ਉਹ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨ ਕੋਲ ਪੇਸ਼ ਹੋ ਕੇ ਆਪਣੀ ਭੁੱਲ ਦੀ ਖਿਮਾ ਯਾਚਨਾ ਕਰਨ ਦਾ ਵਿਧੀ ਵਿਧਾਨ ਹੈ।
ਉਨਾਂ ਕਿਹਾ ਕਿ ਪੰਜ ਪਿਆਰੇ ਸਾਹਿਬਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅੰਮਿ੍ਰਤ ਸੰਚਾਰ ਕਰਨ ਤੋਂ ਇਲਾਵਾ ਨਗਰ ਕੀਰਤਨ ਜਾਂ ਖ਼ਾਲਸਾ ਮਾਰਚ ਆਦਿ ’ਚ ਅਗਵਾਈ ਕਰਨ ਦਾ ਵਿਧਾਨ ਹੈ, ਪਰ ਜਿਵੇਂ ਕਿ ਪੰਥਕ ਵਿਧੀ ਵਿਧਾਨ ਤੋਂ ਚੰਗੀ ਤਰਾਂ ਜਾਣੂ ਅਤੇ ਜਿਨਾਂ ’ਤੇ ਪੰਥਕ ਵਿਧਾਨ ਦੀ ਪਾਲਣਾ ਕਰਨ ਕਰਾਉਣ ਦੀ ਵੱਡੀ ਜ਼ਿੰਮੇਵਾਰੀ ਰਹੀ ਹੋਵੇ, ਉਸ ਗਿਆਨੀ ਗੁਰਮੁਖ ਸਿੰਘ ਨੇ ਅੰਮਿ੍ਰਤ ਸੰਚਾਰ ਕਰ ਰਹੇ ਪੰਜ ਪਿਆਰਾ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਜੋ ਨਵੀਂ ਰੀਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਸ ਬਾਰੇ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਨੂੰ ਮਨ ’ਚ ਕਿਸੇ ਕਿਸਮ ਦਾ ਕੋਈ ਬੋਝ ਸੀ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣਾ ਚਾਹੀਦਾ ਸੀ, ਸ੍ਰੀ ਅਕਾਲ ਤਖ਼ਤ ਦੇ ਅੰਮਿ੍ਰਤ ਸੰਚਾਰ ਦੀ ਸੇਵਾ ਤੋਂ ਵੱਖ ਕੀਤੇ ਗਏ ਸਿੰਘਾਂ ਕੋਲ ਪੇਸ਼ ਹੋ ਕੇ ਨਵੀਂ ਰੀਤ ਪਾ ਕੇ ਵਿਵਾਦ ਨੂੰ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ।ਉਹਨਾਂ ਸ੍ਰੀ ਅਕਾਲ ਤਖ਼ਤ ਦੇ ਅੰਮਿ੍ਰਤ ਸੰਚਾਰ ਤੋਂ ਵੱਖ ਕੀਤੇ ਗਏ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਸੇਵਾ ਲਈ ਨਿਰੋਲ ਅੰਮਿ੍ਰਤ ਸੰਚਾਰ ਕਰਨ ਦੀ ਸੇਵਾ ਵੱਲ ਧਿਆਨ ਦੇਣ ਨਾ ਕਿ ਗੁਰੂ ਪੰਥ ਅੱਗੇ ਨਵੀਂ ਦੁਬਿੱਧਾ ਪੈਦਾ ਕਰਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply