ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਇਨਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਲੇਕਿਨ ਕਿਸੇ ਵੀ ਹੋਰ ਭਾਸ਼ਾ ਨੂੰ ਸਿੱਖਣ ਲਈ ਆਪਣੀ ਮਾਤਰ ਭਾਸ਼ਾ ਨੂੰ ਅਣਗੌਲਿਆਂ ਕਰਨਾ ਉਚਿੱਤ ਨਹੀਂ।ਇਹ ਸ਼ਬਦ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਹਿੰਦੀ ਵਿਭਾਗ ਵੱਲੋਂ ਮਨਾਏ ਗਏ ‘ਹਿੰਦੀ ਦਿਵਸ’ ਸਮਾਰੋਹ ਮੌਕੇ ਉਚੇਚੇ ਤੌਰ ’ਤੇ ਪੁੱਜੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਪ੍ਰਗਟ ਕੀਤੇ।ਸਮਾਰੋਹ ’ਚ ਕਾਲਜ ਦੀਆਂ ਵਿਦਿਆਰਥਣਾਂ ਦੀ ਲੇਖ ਤੇ ਕਵਿਤਾ ਪ੍ਰਤੀਯੋਗਤਾ ਕਰਵਾਈ ਗਈ। ਪ੍ਰਿੰ: ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਸੀਂ ਸਮੇਂ ਦੇ ਹਾਣੀ ਤਾਂ ਹੀ ਬਣ ਸਕਾਂਗੇ ਜੇ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਨਾਲ-ਨਾਲ ਆਪਣੀ ਭਾਸ਼ਾ ’ਚ ਮੁਹਾਰਤ ਹੋਵੇਗੀ।ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ’ਚ ਸ਼ਾਇਦ ਹੀ ਅਜਿਹਾ ਕੋਈ ਕੋਨਾ ਹੋਵੇਗਾ ਜਿੱਥੇ ਹਿੰਦੀ ਭਾਸ਼ਾ ਨਾ ਹੋਵੇ ਅਤੇ ਸ਼ਾਇਦ ਹੀ ਇਹੋ ਜਿਹਾ ਕੋਈ ਸੂਬਾ ਹੋਵੇ ਜਿੱਥੇ ਆਪ ਲੋਕ ਡੰਗ ਟਪਾਊਂ ਹਿੰਦੀ ਨਾ ਜਾਣਦੇ ਹੋਣ।ਉਨ੍ਹਾਂ ਕਿਹਾ ਕਿ ਜਿਹੜੀ ਭਾਸ਼ਾ ’ਚ ਜਿੰਨ੍ਹੀ ਵੀ ਮਿਲਾਵਟ ਹੁੰਦੀ ਹੈ ਉਹ ਉਨ੍ਹੀ ਹੀ ਅਮੀਰ ਅਤੇ ਸ਼ੁੱਧ ਹੁੰਦੀ ਹੈ। ਇਸ ਲਈ ਸਮੂਹ ਭਾਰਤੀ ਭਾਸ਼ਾਵਾਂ ਅਤੇ ਹੋਰ ਭਾਸ਼ਾਵਾਂ ਤੋਂ ਆਪਣੀ ਲੋੜ ਮੁਤਾਬਕ ਸ਼ਬਦਾਂ ਨੂੰ ਲੈਣ ’ਚ ਝਿੱਜਕ ਨਹੀਂ ਕਰਨੀ ਚਾਹੀਦੀ। ਆਪਣੇ ਭਾਸ਼ਣ ’ਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਜਿਕ ਮੁੱਦਿਆਂ ਅਤੇ ਮੀਡੀਆ ਦੇ ਸਮਾਜ ਪ੍ਰਤੀ ਜ਼ਿੰਮਵਾਰੀ ਦੀ ਗੱਲ ’ਤੇ ਜ਼ੋਰ ਦੇ ਕੇ ਮੁਕਾਬਲੇ ਕਰਵਾਉਣ ਨੂੰ ਕਿਹਾ।
ਹਿੰਦੀ ਵਿਭਾਗ ਦੇ ਮੁੱਖੀ ਡਾ. ਚੰਚਲ ਬਾਲਾ ਨੇ ਪ੍ਰਿੰ: ਡਾ. ਮਾਹਲ ਦੇ ਧੰਨਵਾਦ ਕਰਦੇ ਹੋਏ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹਿੰਦੀ ਦਿਵਸ ਮਨਾਉਣਾ ਤਾਂ ਹੀ ਸਾਰਥਿਕ ਹੋਵੇਗਾ ਜਦੋਂ ਹਿੰਦੀ ਦੇ ਨਾਲ ਹੋਰ ਦੂਸਰੀਆਂ ਭਾਸ਼ਾਵਾਂ ਨੂੰ ਸਿਖਿਆ ਜਾਵੇ।ਅੰਗਰੇਜ਼ੀ ਵਿਭਾਗ ਦੇ ਮੁੱਖੀ ਡਾ. ਮਨਪ੍ਰੀਤ ਕੌਰ ਨੇ ਵੀ ਹਿੰਦੀ ਦਿਵਸ ਦੇ ਪ੍ਰਚਾਰ ਅਤੇ ਪ੍ਰਸਾਰ ’ਤੇ ਜ਼ੋਰ ਦਿੱਤਾ। ਫ਼ਾਈਨ ਆਰਟ ਵਿਭਾਗ ਦੇ ਮੁੱਖੀ ਕਮਲਜੀਤ ਕੌਰ ਨੇ ਵੀ ਉਕਤ ਦਿਵਸ ’ਤੇ ਵਧਾਈ ਦਿੰਦੇ ਹੋਏ ਹਿੰਦੀ ਨੂੰ ਇਕ ਅਜਿਹੀ ਬੋਲੀ ਮੰਨਿਆ ਜਿਹੜੀ ਹੋਰਨਾਂ ਭਾਸ਼ਾਵਾਂ ’ਚ ਘੁਲ-ਮਿਲ ਜਾਂਦੀ ਹੈ।
ਹਿੰਦੀ ਵਿਭਾਗ ਦੀਆਂ ਕਰੀਬ 17 ਵਿਦਿਆਰਥਣਾਂ ਨੇ ਕਵਿਤਾ ਮੁਕਾਬਲੇ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਜਿਨ੍ਹਾਂ ’ਚ ਨਾਰੀ ਸ਼ਸ਼ਕਤੀਕਰਨ, ਭਰੂਣ ਹੱਤਿਆ, ਔਰਤ ਹੱਤਿਆਚਾਰ, ਸਮਾਜ, ਬਾਲ ਜਬਰ-ਜਨਾਹ, ਔਰਤ ਦਾ ਵਿਅਕਤੀਤਵ ਆਦਿ ਵਿਸ਼ੇ ਲਏ ਗਏ।ਇਸ ਮੌਕੇ ’ਤੇ ਲੇਖ ਪ੍ਰਤੀਯੋਗਤਾ ਵੀ ਕਰਵਾਈ ਗਈ ਜਿਸ ’ਚ ਗੁਰੂ-ਚੇਲਾ ਪ੍ਰੰਪਰਾ, ਵਿੱਦਿਆ, ਹਿੰਦੀ ਦੀ ਮਹੱਤਤਾ ਆਦਿ ਵਿਸ਼ਿਆਂ ਸ਼ਾਮਿਲ ਸਨ। ਉਪਰੰਤ ਜੇਤੂ ਵਿਦਿਆਰਥਣਾਂ ਨੂੰ ਪ੍ਰਿੰ: ਡਾ. ਮਾਹਲ ਸਿੰਘ ਇਨਾਮ ਵੀ ਤਕਸੀਮ ਕੀਤੇ।ਪ੍ਰੋਗਰਾਮ ’ਚ ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਨੇਹਾ ਨੇ ਬਾਖੂਬੀ ਨਿਭਾਈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media