ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਰੇ ਮੋਰਚਿਆਂ ’ਤੇ ਅਸਫ਼ਲਤਾਵਾਂ ਲਈ ਸੂਬਾ ਸਰਕਾਰ ’ਤੇ ਸਖ਼ਤ ਨਿਖੇਧੀ ਕਰਦਿਆ ਭਾਰਤੀ ਜਨਤਾ
ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮੌਜੂਦਾ ਸਰਕਾਰ ’ਚ ਵਿਸ਼ਵਾਸ ਥੋੜ੍ਹੇ ਸਮੇਂ ’ਚ ਖ਼ਤਮ ਹੋ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਕਰੀਬ 175 ਦਿਨ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੁਗਾ ਨਹੀਂ ਸਕੀ ਅਤੇ ਕੈਪਟਨ ਸਰਕਾਰ ‘ਨਾਕਾਮਯਾਬ ਸਰਕਾਰ’ ਸਾਬਿਤ ਹੋਈ ਹੈ।
ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਜਨਤਾ ਦੀਆਂ ਮੁਸ਼ਕਿਲਾਂ ਤੋਂ ਦੂਰ ਰਹਿਣ ਲਈ ਜ਼ਿੰਮੇਵਾਰ ਠਹਿਰਉਂਦਿਆ ਕਿਹਾ ਕਿ ਕੈਪਟਨ ਸਰਕਾਰ ਚੋਣ ਜਿੱਤ ਉਪਰੰਤ ਨਾ ਹੀ ਸੂਬੇ ਦੇ ਵਿਕਾਸ ਲਈ ਕਿਸੇ ਜ਼ਿਲ੍ਹੇ ’ਚ ਕੋਈ ਵੱਡਾ ਪ੍ਰੋਜੈਕਟ ਲਗਾ ਸਕੀ, ਨਾ ਕਿਸਾਨਾਂ ਨਾਲੇ ਕੀਤੇ ਵਾਅਦੇ ਪੂਰੇ ਕੀਤੇ ਅਤੇ ਨਾ ਹੀ ਲੋਕਾਂ ’ਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਹੂਲਤਾਂ ਸਬੰਧੀ ਕੋਈ ਠੋਸ ਕਾਰਵਾਈ ਕਰ ਸਕੀ, ਸਗੋਂ ਵਿਦੇਸ਼ੀ ‘ਆਓ-ਭਗਤ’ ’ਚ ਹੀ ਮਸ਼ਰੂਫ਼ ਰਹੀ ਤੇ ਚੋਣਾਂ ਦੌਰਾਨ ਵੋਟਰਾਂ ਨੂੰ ਝੂਠੀਆਂ ਆਸਾਂ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਦੇ ਰਾਜ ਦੇ ਪਿਛਲੇ 6 ਮਹੀਨ੍ਹਿਆਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ ਕੁਝ ਨਹੀਂ ਬਲਕਿ ਆਰਥਿਕ ਨੁਕਸਾਨ ਅਤੇ ਆਰਥਿਕ ਤਬਾਹੀ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਕਾਂਗਰਸ ਦੇ ਕਰਜ਼ੇ ਬੰਦ ਕਰਨ ਦੇ ਵਾਅਦੇ ਹਵਾ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਮੌਜੂਦਾ ਸ਼ਾਸਨ ਤਹਿਤ ਰਾਜ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਰਹੀ ਹੈ ਅਤੇ ਸਰਕਾਰ ਜਲਦੀ ਹੀ ਕਰਮਚਾਰੀਆਂ ਦੀਆਂ ਤਨਖਾਹਾਂ ’ਚ ਕਟੌਤੀ ਕਰ ਰਹੀ ਹੈ।
ਛੀਨਾ ਨੇ ਕਿਹਾ ਕਿ ਵਰਤਮਾਨ ਸ਼ਾਸਨਕਾਲ ਦੌਰਾਨ ਭ੍ਰਿਸ਼ਟਾਚਾਰ ਸਿਖ਼ਰਾਂ ਤੱਕ ਪੁੱਜ ਰਿਹਾ ਹੈ ਕਿਉਂਕਿ ਇਹ ਨੌਕਰਸ਼ਾਹ ਹਨ ਜੋ ਸਰਕਾਰ ਚਲਾ ਰਹੇ ਹਨ ਨਾ ਕਿ ਜਨਤਕ ਪ੍ਰਤੀਨਿਧ। ਸ਼ਾਇਦ ਇਹ ਇਕੋ ਇਕ ਸਰਕਾਰ ਹੈ, ਜੋ ਆਪਣੇ ਸ਼ਾਸਨ ਦੇ 6 ਮਹੀਨਿਆਂ ਦੇ ਅੰਦਰ ਸਭ ਤੋਂ ਵੱਧ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ।ਛੀਨਾ ਜੋ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨੇੜਲੇ ਵਿਸ਼ਵਾਸ਼ਵਾਨ ਮੰਨ੍ਹੇ ਜਾਂਦੇ ਹਨ, ਨੇ ਸੂਬਾ ਸਰਕਾਰ ’ਤੇ ਖੇਤੀ ਕਰਜ਼ਿਆਂ ਦੀ ਛੋਟ ਨੂੰ ਖ਼ਤਮ ਕਰਨ ’ਚ ਨਾਕਾਮ ਰਹਿਣ ’ਤੇ ਸਵਾਲ ਉਠਾਉਂਦਿਆ ਬੇਰੁਜ਼ਗਾਰੀ ਭੱਤੇ ਅਤੇ ਨੌਜਵਾਨ ਲਈ ਸਮਾਰਟ ਫੋਨ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੀ ਅਦਾਇਗੀ ਨੂੰ ਅਸਫ਼ਲ ਦੱਸਿਆ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਭਲਾਈ ਯੋਜਨਾਵਾਂ ਵੀ ਠੰਡੇ ਬਸਤੇ ਪੈ ਗਈਆਂ ਹਨ।ਛੀਨਾ ਨੇ ਕਿਹਾ ਕਿ ਕੈਪਟਨ ਨੇ ਸਥਿਤੀ ਨੂੰ ਮਹਿਸੂਸ ਨਹੀਂ ਕੀਤਾ ਕਾਨੂੰਨ ਤੇ ਵਿਵਸਥਾ ਦੀ ਹਾਲਤ ਸਭ ਤੋਂ ਮਾੜੀ ਹੈ ਕਿਉਂਕਿ ਉਹ ਭਾਰਤ ਅਤੇ ਵਿਦੇਸ਼ਾਂ ’ਚ ਅਮੀਰਾਂ ਅਤੇ ਰਾਇਲਸਾਂ ਨੂੰ ਇਕੱਠੇ ਕਰਨ ’ਚ ਰੁੱਝਿਆ ਹੋਇਆ ਹੈ ਲੋਕਾਂ ਦੀਆਂ ਮੁਸੀਬਤਾਂ ਅਤੇ ਆਵਾਜ਼ ਸੁਣਨ ਲਈ ਮੁਸ਼ਕਿਲ ਨਾਲ ਵੀ ਨਹੀਂ ਪਹੁੰਚਦੇ।
ਸ: ਛੀਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਲਈ ਭੋਲੀਭਾਲੀ ਜਨਤਾ ਨੂੰ ਗੁੰਮਰਾਹਕੁੰਨ ਭਾਸ਼ਣਾਂ ਰਾਹੀਂ ਵੋਟਾਂ ਹੀ ਬਟੌਰੀਆਂ ਹਨ। ਉਨ੍ਹਾਂ ਕਿਹਾ ਕਿ 6 ਮਹੀਨੇ ਦਾ ਵਰ੍ਹਾ ਗੁਜ਼ਰ ਜਾਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਰੋਜ਼ਗਾਰ, ਵਿਕਾਸ ਪ੍ਰੋਜੈਕਟ, ਭ੍ਰਿਸ਼ਟਾਚਾਰੀ ਨੂੰ ਠੱਲ੍ਹ, ਕਿਸਾਨਾਂ ਦੀਆਂ ਖੁਦਕਸ਼ੀਆਂ ਅਤੇ ਧਾਰਮਿਕ ਗ੍ਰੰਥਾਂ ਤੇ ਤਸਵੀਰਾਂ ਦੀਆਂ ਬੇਅਦਬੀਆਂ ’ਤੇ ਕੋਈ ਤਸੱਲੀਬਖਸ਼ ਕਾਰਵਾਈ ਕਰ ਨਹੀਂ ਸਕੀ।
ਉਨ੍ਹਾਂ ਇਸ ਮੌਕੇ ਕ੍ਰਿਕੇਟਰ ਅਤੇ ਟੀ. ਵੀ. ਚੈਨਲਾਂ ਦਾ ਸ਼ਿੰਗਾਰ ਬਣੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਂਧਦਿਆਂ ਕਿਹਾ ਕਿ ਚੋਣ ਪ੍ਰਚਾਰ ਮੌਕੇ ਉੱਚੇ-ਉੱਚੇ ਠਹਾਕਿਆਂ ਨਾਲ ਲੋਕਾਂ ਨੂੰ ਆਪਣੇ ਲੁਭਾਣੇ ਭਾਸ਼ਣਾਂ ਰਾਹੀਂ ਵੋਟਾਂ ਲੈਣ ’ਚ ਸਫ਼ਲ ਰਹੇ ਪਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਭਾਸ਼ਣਾਂ ਜਾਂ ਬਿਆਨਾਂ ਰਾਹੀਂ ਨਹੀਂ ਹੁੰਦਾ, ਸਗੋਂ ਸ਼ਹਿਰ ਅਤੇ ਲੋਕਾਂ ’ਚ ਵਿਚਰ ਕੇ ਉਨ੍ਹਾਂ ਦੀਆਂ ਤਫ਼ਲੀਕਾਂ ਅਤੇ ਇਲਾਕਿਆਂ ਦੀ ਮੌਜ਼ੂਦਾ ਸਥਿਤੀ ਨੂੰ ਜਾਣਨ ’ਤੇ ਹੁੰਦਾ ਹੈ। ਸ: ਛੀਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੂਠੀਆਂ ਉਮੀਦਾਂ ਅਤੇ ਸੁਪਨਿਆਂ ਰਾਹੀਂ ਜਨਤਾ ਨਾਲ ਵਿਸ਼ਵਾਸ਼ਘਾਤ ਕਰਕੇ ਧਰੋਹ ਕਮਾਇਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media