ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ `ਚ ਆਪਣਾ ਵਿਸ਼ੇਸ਼ ਸਥਾਨ ਹਾਸਿਲ ਕਰਨ ਵਾਲੇ ਰਸਾਲੇ ‘ਹੁਣ` ਦਾ 37ਵਾਂ ਅੰਕ ਜਨਵਾਦੀ ਲੇਖਕ ਸੰਘ, ਲੇਖਕ ਪਾਠਕ ਮੰਚ ਅਤੇ ਪੰਜਾਬੀ ਸਾਹਿਤ ਸੰਗਮ ਵੱਲੋਂ ਸਾਂਝੇ ਉਪਰਾਲੇ ਨਾਲ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਲੋਕ ਅਰਪਿਤ ਕੀਤਾ ਗਿਆ। ਨਾਮਵਰ ਸ਼ਾਇਰ ਦੇਵ ਦਰਦ ਨੇ ਸਮਾਗਮ ਦਾ ਅਗਾਜ਼ ਕਰਦਿਆਂ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ।
ਵਿਦਵਾਨ ਪ੍ਰੋ: ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੁਤਸਕ ਨਾਲ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ, ਪੁਸਤਕ ਤੀਕ ਪਹੁੰਚਣ ਲਈ ‘ਹੁਣ` ਵਰਗੇ ਸਾਹਿਤਕ ਰਸਾਲੇ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਜਿੰਨ੍ਹਾਂ ਰਾਹੀਂ ਮਨੁੱਖ ਸਾਹਿਤਕ ਸਰੋਕਾਰਾਂ ਦੇ ਨਾਲ-ਨਾਲ ਬਹੁ-ਮੁੱਲੀਆਂ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰਦਾ ਹੈ।‘ਹੁਣ` ਦੇ ਸੰਪਾਦਕ ਸ਼ੁਸ਼ੀਲ ਦੁਸਾਂਝ ਨੇ ‘ਹੁਣ` ਦੇ 12 ਵਰ੍ਹਿਆਂ ਦੇ ਸਫਰ ਦੀ ਸਾਂਝ ਦੇ ਹਵਾਲੇ ਨਾਲ ਕਿਹਾ ਕਿ ਅਜਿਹੇ ਰਸਾਲੇ ਲੇਖਕ ਅਤੇ ਪਾਠਕ ਨੂੰ ਸਾਂਝੇ ਸੂਤਰ ਵਿੱਚ ਪਰੋਣ ਦਾ ਕੰਮ ਕਰਦੇ ਹਨ ਅਤੇ ਲੇਖਕ ਦੀ ਸਥਾਪਤੀ ਦਾ ਸਵੱਬ ਵੀ ਬਣਦੇ ਹਨ।
ਇਸ ਸਮੇਂ ਦੀਪ ਦਵਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਗ੍ਰਿਫਤ `ਚ ਆ ਕੇ ਬਲਿਊ ਵੇਲ੍ਹ ਵਰਗੀਆਂ ਘਾਤਕ ਖੇਡਾਂ ਦਾ ਹਿੱਸਾ ਬਣ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਾਹਿਤਕ ਰਸਾਲਿਆਂ ਅਤੇ ਸਮਾਗਮਾਂ ਦਾ ਹਿੱਸਾ ਬਨਾਉਣਾ ਸਮੇਂ ਦੀ ਮੁੱਖ ਲੋੜ ਹੈ। ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ‘ਹੁਣ` ਵਰਗੇ ਰਸਾਲੇ ਜਿੱਥੇ ਦੁਨੀਆਂ ਭਰ `ਚ ਰਚੇ ਜਾ ਰਹੇ ਸਾਹਿਤ ਨੂੰ ਨੇੜੇ ਲੈ ਕੇ ਆਉਣ ਦਾ ਯਤਨ ਕਰਦੇ ਹਨ, ਉਥੇ ਆਪਣੇ ਖਿੱਤੇ ਦੀ ਜੁਬਾਨ ਦੀ ਤਰੱਕੀ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ।ਸ਼ਾਇਰ ਭੁਪਿੰਦਰਪ੍ਰੀਤ ਨੇ ਰਸਾਲੇ ਵਿਚਲੀਆਂ ਰਚਨਾਵਾਂ ਦੀ ਸਹਾਰਨਾ ਕਰਦਿਆਂ ਬਾਲ ਸਾਹਿਤ ਵੱਲ ਵੀ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਤੇ ਜੋਰ ਦਿੱਤਾ।ਮੈਡਮ ਟੀਨਾ ਸ਼ਰਮਾ ਅਤੇ ਮੈਡਮ ਅੰਕਿਤਾ ਸਹਿਦੇਵ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਤਰਨ ਤਾਰਨ, ਡਾ. ਕਸ਼ਮੀਰ ਸਿੰਘ, ਮਨਮੋਹਨ ਢਿੱਲੋਂ, ਹਰਜੀਤ ਸੰਧੂ, ਸਰਬਜੀਤ ਸਿੰਘ ਸੰਧੂ, ਡਾ. ਪਰਮਜੀਤ ਬਾਠ, ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਸੁਭਾਸ਼ ਸ਼ਰਮਾ, ਪ੍ਰਤੀਕ ਸਹਿਦੇਵ, ਪਰਮਜੀਤ ਕੌਰ, ਮੈਡਮ ਮਮਤਾ, ਗੀਤਾ, ਨਵਦੀਪ ਅਤੇ ਅਰਜੁਨ ਆਦਿ ਤੋਂ ਇਲਾਵਾ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media