ਪੰਜਾਬ, ਦਿਲੀ, ਮੁੰਬਈ ਅਤੇ ਨਾਗਪੁਰ ਵਲੋਂ ਵੀ ਪੁੱਜੇਗੀ ਸੰਗਤ
ਹਜੂਰ ਸਾਹਿਬ (ਨਾਂਦੇੜ), 20 ਸਤੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਹਜੂਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਥਿਤ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ 2 ਅਕਤੂਬਰ ਤੋਂ 4 ਅਕਤੂਬਰ ਤੱਕ ਮਾਤਾ ਸਾਹੇਬ ਦੇਵਾ ਜੀ ਦਾ ਜਨਮ ਦਿਹਾੜਾ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਇਸ ਪ੍ਰੋਗਰਾਮ ਲਈ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਨਾਂਦੇੜ ਦੇ ਡਿਪਟੀ ਕਮਿਸ਼ਨਰ ਅਰੁਣ ਡੋਂਗਰਾ ਨੇ ਇਥੇ ਸੰਪੰਨ ਹੋਈ ਇੱਕ ਬੈਠਕ ਵਿੱਚ ਹਿੱਸਾ ਲੈਣ ਉਪਰੰਤ ਦਿੱਤਾ ਹੈ।
ਇਸ ਬੈਠਕ ਵਿੱਚ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦੇ ਮੁਖੀ ਅਤੇ ਸ਼ਰੋਮਣੀ 96 ਕਰੋੜੀ ਬੁੱਢਾ ਦਾਲ ਦੇ ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ, ਗੁਰਦੁਆਰਾ ਲੰਗਰ ਸਾਹਿਬ ਦੇ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਲਾਲ ਸਿੰਘ ਕਾਰ ਸੇਵਾ ਵਾਲੇ, ਨਾਂਦੇੜ ਦੇ ਐਡੀਸ਼ਨਲ ਐਸ.ਪੀ ਅਵਿਨਾਸ਼ ਪਾਠਕ, ਗੁਰਦੁਆਰਾ ਸਚਖੰਡ ਬੋਰਡ ਦੇ ਸੁਪਰਡੈਂਟ ਠਾਨ ਸਿੰਘ ਬੁੰਗਾਈ, ਮੈਂਬਰ ਰਾਜਿੰਦਰ ਸਿੰਘ ਪੁਜਾਰੀ, ਗੁਰਮੀਤ ਸਿੰਘ ਬੇਦੀ, ਮਨਪ੍ਰੀਤ ਸਿੰਘ ਕੁੰਜੀਵਾਲੇ, ਜਸਬੀਰ ਸਿੰਘ ਬੁੰਗਈ, ਗੁਲਾਬ ਸਿੰਘ ਅਸਰਜਨਵਾਲੇ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਬਾਬਾ ਪ੍ਰੇਮ ਸਿੰਘ ਨੇੇ ਦੱਸਿਆ ਕਿ ਬੈਠਕ ਵਿੱਚ ਮਾਤਾ ਸਾਹਿਬ ਦੇਵਾ ਜੀ ਦੇ ਜਨਮ ਦਿਹਾੜੇ ਬਾਹਰ ਤੋਂ ਪਹੁੰਚਣ ਵਾਲੀ ਸਾਧ-ਸੰਗਤ ਦੀ ਵਿਵੱਸਥਾ, ਜਲਾਪੂਰਤੀ, ਪੁਲਿਸ ਸੁਰਖਿਆ, ਬੱਸ ਅਤੇ ਹੋਰ ਵਾਹਣਾਂ ਦੀ ਵਿਵੱਸਥਾ, ਨਗਰ ਕੀਰਤਨ ਯਾਤਰਾ ਸਹਿਤ ਕਈ ਮਜ਼ਮੂਨਾਂ ‘ਤੇ ਚਰਚਾ ਸੰਪੰਨ ਹੋਈ। 2 ਅਕਤੂਬਰ ਨੂੰ ਦੀਵਾਨ ਅਤੇ ਕੀਰਤਨ ਦਰਬਾਰ ਪ੍ਰੋਗਰਾਮਾਂ ਦੀ ਸ਼ੁਰੁਆਤ ਹੋਵੇਗੀ ਅਤੇ 4 ਅਕਤੂਬਰ ਨੂੰ ਨਗਰ ਕੀਰਤਨ ਦੇ ਨਾਲ ਪ੍ਰੋਗਰਾਮ ਸੰਪਨ ਹੋਵੇਗਾ।ਇਸ ਦੌਰਾਨ ਨੇਜਾਬਾਜੀ ਦੇ ਮੁਕਾਬਲੇ ਵੀ ਹੋਣਗੇ।ਉਨਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਤਖਤ ਸਾਹਿਬ ਜਥੇਦਾਰ ਸਾਹਿਬ, ਪੰਜ ਪਿਆਰੇ ਸਾਹਿਬਾਨ ਅਤੇ ਸੰਤ ਮਹਾਂਪੁਰਖਾਂ ਨੂੰ ਵੀ ਸੱਦਿਆ ਜਾਵੇਗਾ।ਕੀਰਤਨ ਦਰਬਾਰ ਲਈ ਰਾਗੀ ਜਥੇ, ਸ਼ਬਦੀ ਜਥੇ, ਕਥਾਕਾਰ ਆਦਿ ਜਥਿਆਂ ਨੂੰ ਬੁਲਾਇਆ ਜਾ ਰਿਹਾ ਹੈ ।ਤਿੰਨ ਦਿਨਾਂ ਸੰਗਤ ਦੀ ਸੇਵਾ ਵਿੱਚ ਅਟੂਟ ਲੰਗਰ ਵਰਤਾਇਆ ਜਾਵੇਗਾ।ਸਾਰੇ ਪ੍ਰੋਗਰਾਮ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਸੰਪੰਨ ਹੋਣਗੇ ।ਪ੍ਰੋਗਰਾਮ ਵਿਚ ਡੇਢ ਲੱਖ ਤੋਂ ਜਿਆਦਾ ਸੰਗਤ ਦਰਸ਼ਨਾਂ ਲਈ ਪੁੱਜੇਗੀ। ਇਸਸ ਸਮੇਂ ਨਿਹੰਗ ਸਿੰਘਾਂ ਦੇ ਜਥੇ ਵੀ ਆਪਣੀ ਹਾਜ਼ਰੀ ਭਰਨਗੇ।
Punjab Post Daily Online Newspaper & Print Media